ਨਵੀਂ ਦਿੱਲੀ (ਪੀਟੀਆਈ) : ਤੁਰਕੀ ਦੌਰੇ 'ਤੇ ਗਏ ਭਾਰਤੀ ਮੁੱਕੇਬਾਜ਼ੀ ਟੀਮ ਦੇ ਅੱਠ ਮੈਂਬਰਾਂ ਨੂੰ ਕੋਰੋਨਾ ਹੋ ਗਿਆ ਹੈ ਤੇ ਉਨ੍ਹਾਂ ਨੂੰ ਇਸਤਾਂਬੁਲ ਵਿਚ ਕੁਆਰੰਟਾਈਨ ਵਿਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚ ਤਿੰਨ ਮੁੱਕੇਬਾਜ਼ ਵੀ ਸ਼ਾਮਲ ਹਨ। ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਗੌਰਵ ਸੋਲੰਕੀ (57 ਕਿਲੋਗ੍ਰਾਮ), ਪ੍ਰਯਾਗ ਚੌਹਾਨ (75 ਕਿਲੋਗ੍ਰਾਮ) ਤੇ ਬਿ੍ਜੇਸ਼ ਯਾਦਵ (81 ਕਿਲੋਗ੍ਰਾਮ) ਦਾ ਇਕ ਹਫ਼ਤੇ ਪਹਿਲਾਂ ਕੋਰੋਨਾ ਟੈਸਟ ਕੀਤਾ ਗਿਆ ਸੀ ਜੋ ਪਾਜ਼ੇਟਿਵ ਆਇਆ ਸੀ। ਇਸ ਕਾਰਨ ਉਨ੍ਹਾਂ ਨੂੰ ਚੈਂਪੀਅਨਸ਼ਿਪ ਦੇ 19 ਮਾਰਚ ਨੂੰ ਖ਼ਤਮ ਹੋਣ ਦੇ ਬਾਵਜੂਦ ਇਸਤਾਂਬੁਲ ਵਿਚ ਹੀ ਕੁਆਰੰਟਾਈਨ ਵਿਚ ਰਹਿਣਾ ਪੈ ਰਿਹਾ ਹੈ। ਟੀਮ ਦੇ ਸੂਤਰਾਂ ਮੁਤਾਬਕ, ਕੋਚ ਧਰਮਿੰਦਰ ਯਾਦਵ ਤੇ ਸੰਤੋਸ਼ ਬੀਰਮੋਲ, ਫੀਜ਼ੀਓ ਸ਼ਿਖਾ ਕੇਡੀਆ ਤੇ ਡਾ. ਉਮੇਸ਼ ਤੋਂ ਇਲਾਵਾ ਵੀਡੀਓ ਵਿਸ਼ਲੇਸ਼ਕ ਨਿਤਿਨ ਕੁਮਾਰ ਨੂੰ ਕੁਆਰੰਟਾਈਨ ਵਿਚ ਭੇਜਿਆ ਗਿਆ ਹੈ। ਭਾਰਤੀ ਟੀਮ ਬੋਸਫੋਰਸ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਇਸਤਾਂਬੁਲ ਗਈ ਸੀ। ਇਸ ਚੈਂਪੀਅਨਸ਼ਿਪ ਵਿਚ ਮਰਦਾਂ ਵਿਚ ਇਕੋ ਇਕ ਮੈਡਲ ਸੋਲੰਕੀ ਨੇ ਕਾਂਸੇ ਦੇ ਮੈਡਲ ਦੇ ਰੂਪ ਵਿਚ ਜਿੱਤਿਆ ਸੀ। ਮਹਿਲਾਵਾਂ ਵਿਚ ਨਿਕਹਤ ਜ਼ਰੀਨ (51 ਕਿਲੋਗ੍ਰਾਮ) ਨੇ ਵੀ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸ ਤਰ੍ਹਾਂ ਭਾਰਤ ਨੇ ਚੈਂਪੀਅਨਸ਼ਿਪ ਵਿਚ ਦੋ ਮੈਡਲ ਜਿੱਤੇ ਸਨ। ਇਸ ਦੌਰੇ 'ਤੇ ਜਾਣ ਵਾਲੇ ਹੋਰ ਮਰਦ ਮੁੱਕੇਬਾਜ਼ਾਂ ਵਿਚ ਲਲਿਤ ਪ੍ਰਸਾਦ (52 ਕਿਲੋਗ੍ਰਾਮ), ਸ਼ਿਵ ਥਾਪਾ (63 ਕਿਲੋਗ੍ਰਾਮ), ਦੁਰਯੋਧਨ ਸਿੰਘ ਨੇਗੀ (69 ਕਿਲੋਗ੍ਰਾਮ), ਨਮਨ ਤੰਵਰ (91 ਕਿਲੋਗ੍ਰਾਮ) ਤੇ ਕ੍ਰਿਸ਼ਣਨ ਸ਼ਰਮਾ (91 ਕਿਲੋਗ੍ਰਾਮ ਤੋਂ ਵੱਧ) ਵੀ ਸ਼ਾਮਲ ਸਨ।

ਮਹਿਲਾਵਾਂ ਦਾ ਇਕ ਹਫਤੇ ਬਾਅਦ ਮੁੜ ਹੋਵੇਗਾ ਟੈਸਟ :

ਮਹਿਲਾ ਵਰਗ ਵਿਚ ਜ਼ਰੀਨ, ਸੋਨੀਆ ਲਾਥੇਰ (57 ਕਿਲੋਗ੍ਰਾਮ), ਪਰਵੀਨ (60 ਕਿਲੋਗ੍ਰਾਮ), ਜੋਤੀ ਗਰੇਵਾਲ (69 ਕਿਲੋਗ੍ਰਾਮ) ਤੇ ਪੂਜਾ ਸੈਣੀ (75 ਕਿਲੋਗ੍ਰਾਮ) ਨੇ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ। ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ, ਉਨ੍ਹਾਂ ਨੂੰ ਘੱਟੋ ਘੱਟ ਇਕ ਹਫਤੇ ਤਕ ਉਥੇ ਰੁਕਣਾ ਪਵੇਗਾ ਜਿਸ ਤੋਂ ਬਾਅਦ ਉਨ੍ਹਾਂ ਦਾ ਮੁੜ ਕੋਵਿਡ-19 ਟੈਸਟ ਕੀਤਾ ਜਾਵੇਗਾ।