ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬ ਦੀ ਹਾਕੀ ਵੱਲੋਂ ਭਾਰਤੀ ਹਾਕੀ ਵਿਚ ਇਸ ਸਮੇਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਹਾਕੀ ਪੰਜਾਬ ਵੱਲੋਂ ਹਾਕੀ ਦੀ ਖੇਡ ਨੂੰ ਪ੍ਰਫੂਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਹੀ ਨਤੀਜਾ ਹੈ। ਇਹ ਵਿਚਾਰ ਹਾਕੀ ਪੰਜਾਬ ਦੇ ਜਨਰਲ ਸਕੱਤਰ ਓਲੰਪੀਅਨ ਪਰਗਟ ਸਿੰਘ (ਪਦਮਸ੍ਰੀ) ਨੇ ਹਾਕੀ ਪੰਜਾਬ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਪੇਸ਼ ਕੀਤੇ। ਹਾਕੀ ਪੰਜਾਬ ਦੀ ਸਲਾਨਾ ਮੀਟਿੰਗ ਨਵੰਬਰ 2020 ਵਿਚ ਕਰਵਾਈ ਜਾਣੀ ਸੀ ਪਰ ਕੋਰੋਨਾ ਮਹਾਮਾਰੀ ਕਰਕੇ ਇਹ ਮੀਟਿੰਗ ਨਿਰਧਾਰਤ ਸਮੇਂ ਤੋਂ ਬਾਅਦ ਕਰਵਾਈ ਗਈ। ਇਹ ਮੀਟਿੰਗ ਇਸ ਕਰਕੇ ਵੀ ਅਹਿਮ ਸੀ ਕਿ ਹਾਕੀ ਇੰਡੀਆ ਵੱਲੋਂ ਖ਼ਤਮ ਕੀਤੇ ਗਏ ਯੂਨਿਟ ਹਾਕੀ ਪਟਿਆਲਾ ਨਾਲ ਸਬੰਧਤ 10 ਜਿਲਿ੍ਹਆਂ ਦੇ ਹਾਕੀ ਯੂਨਿਟ ਵੀ ਹਾਕੀ ਪੰਜਾਬ ਵਿਚ ਸ਼ਾਮਲ ਹੋਏ ਹਨ।

ਹੁਣ ਪੰਜਾਬ ਦੇ 22 ਜਿਲਿ੍ਹਆਂ ਦੇ ਹਾਕੀ ਯੂਨਿਟ ਹਾਕੀ ਪੰਜਾਬ ਦੇ ਮੈਂਬਰ ਹਨ। ਇਸ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਹਾਕੀ ਦੀ ਖੇਡ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਇਸ ਲਈ ਵੱਖ-ਵੱਖ ਪਿੰਡ ਵਿਚ ਹਾਕੀ ਖੇਡ ਸੈਂਟਰ ਸ਼ੁਰੂ ਕਰ ਕੇ ਉਥੇ ਹਾਕੀਆਂ ਅਤੇ ਹੋਰ ਖੇਡ ਸਾਮਾਨ ਅਤੇ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ ਜਿਨ੍ਹਾਂ ਦੀ ਨਿਗਰਾਨੀ ਵੱਖ-ਵੱਖ ਓਲੰਪੀਅਨ ਕਰਨਗੇ। ਇਸ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਯੂਨਿਟ 31 ਅਗਸਤ 2021 ਤੋਂ ਪਹਿਲਾਂ ਜ਼ਿਲ੍ਹਾ ਪੱਧਰ ਦੀ ਹਾਕੀ ਚੈਂਪੀਅਨਸ਼ਿਪ ਕਰਵਾਉਣਗੇ ਅਤੇ ਅਕਤੂਬਰ 2021 ਵਿਚ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਵੱਖ-ਵੱਖ ਵਰਗਾਂ ਵਿਚ) ਵੱਖ-ਵੱਖ ਜਿਲਿ੍ਹਆਂ ਵਿਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਲਿਆ ਗਿਆ ਕਿ ਹਾਕੀ ਪੰਜਾਬ ਵੱਲੋਂ ਬਜ਼ੁਰਗ ਹਾਕੀ ਖਿਡਾਰੀਆਂ ਨੂੰ ਐਕਟਿਵ ਕਰਨ ਲਈ ਹਾਕੀ ਪੰਜਾਬ ਮਾਸਟਰਜ਼ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਸਾਬਕਾ ਹਾਕੀ ਖਿਡਾਰੀ ਸ਼ਾਮਲ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਮਾਸਟਰਜ਼ ਹਾਕੀ ਚੈਂਪੀਅਨਸ਼ਿਪ ਵੀ ਕਰਵਾਈ ਜਾਵੇਗੀ। ਹਾਕੀ ਇੰਡੀਆ ਵੱਲੋਂ ਬਣਾਈ ਗਈ ਮਾਸਟਰਜ਼ ਕਮੇਟੀ ਵਿਚ ਹਾਕੀ ਪੰਜਾਬ ਦੇ ਜਨਰਲ ਸਕੱਤਰ ਪਰਗਟ ਸਿੰਘ ਨੂੰ ਪਹਿਲਾਂ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਹਾਕੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਓਲੰਪੀਅਨ ਹਰਪ੍ਰਰੀਤ ਸਿੰਘ ਮੰਡੇਰ ਵੱਲੋਂ ਪੇਸ਼ ਕੀਤੇ ਮਤੇ ਅਨੁਸਾਰ ਸਾਬਕਾ ਹਾਕੀ ਖਿਡਾਰੀਆਂ, ਜਿਨ੍ਹਾਂ ਦੀ ਪੰਜਾਬ ਦੀ ਹਾਕੀ ਨੂੰ ਬਹੁਤ ਦੇਣ ਹੈ, ਨੂੰ ਹਾਕੀ ਪੰਜਾਬ ਨਾਲ ਜੋੜਨ ਦਾ ਫ਼ੈਸਲਾ ਲਿਆ ਜਿਨ੍ਹਾਂ ਵਿਚ ਅਮਰੀਕ ਸਿੰਘ ਪੁਆਰ, ਸਵਿੰਦਰ ਸਿੰਘ ਬਿੱਲਾ, ਲਖਵਿੰਦਰ ਪਾਲ ਸਿੰਘ ਖਹਿਰਾ ਅਤੇ ਜਗਦੀਪ ਸਿੰਘ ਗਿੱਲ ਸ਼ਾਮਲ ਹਨ। ਇਸ ਮੀਟਿੰਗ ਵਿਚ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਹੋਮ ਕੁਆਰੰਟੀਨ ਹਨ, ਇਸ ਕਰਕੇ ਇਸ ਮੀਟਿੰਗ ਦੀ ਪ੍ਰਧਾਨਗੀ ਓਲੰਪੀਅਨ ਹਰਪ੍ਰਰੀਤ ਸਿੰਘ ਮੰਡੇਰ ਨੇ ਕੀਤੀ। ਮੀਟਿੰਗ ਵਿੱਚ ਵੱਖ-ਵੱਖ ਜਿਲਿ੍ਹਆਂ ਦੇ ਨੁਮਾਇੰਦੇ, ਓਲੰਪੀਅਨ ਸੰਜੀਵ ਕੁਮਾਰ, ਦਲਜੀਤ ਸਿੰਘ ਕਸਟਮਜ਼, ਓਲੰਪੀਅਨ ਬਲਜੀਤ ਸਿੰਘ ਿਢੱਲੋਂ, ਰਿਪੁਦਮਨ ਕੁਮਾਰ ਸਿੰਘ, ਸੁਰਿੰਦਰ ਸਿੰਘ ਭਾਪਾ, ਗੁਰਮੀਤ ਸਿੰਘ ਮੀਤਾ, ਜੀ ਐੱਸ ਸੰਘਾ, ਰੇਨੂੰ ਬਾਲਾ, ਪਰਮਿੰਦਰ ਕੌਰ ਅਤੇ ਕੁਲਬੀਰ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਮੋਜੂਦ ਸਨ।