ਬਰਲਿਨ (ਆਈਏਐੱਨਐੱਸ) : ਬੋਰੂਸ਼ੀਆ ਡਾਰਟਮੰਡ ਨੇ ਪਹਿਲੇ ਅੱਧ ਵਿਚ ਕੀਤੇ ਗਏ ਤਿੰਨ ਗੋਲਾਂ ਦੀ ਮਦਦ ਨਾਲ ਤੀਜੇ ਦਰਜੇ ਦੀ ਟੀਮ ਡੁਇਸਬਰਗ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਜਰਮਨ ਕੱਪ ਦੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ। ਡਾਰਟਮੰਡ ਦੀ ਟੀਮ ਨੇ ਪਹਿਲੇ ਅੱਧ ਵਿਚ ਤਿੰਨ ਗੋਲ ਕੀਤੇ ਜਦਕਿ ਅੱਧੇ ਸਮੇਂ ਤੋਂ ਪਹਿਲਾਂ ਹੀ ਡੁਇਸਬਰਗ ਦੇ ਖਿਡਾਰੀ ਡੋਮੀਨਿਕ ਵਾਲਮਰ ਨੂੰ ਰੈੱਡ ਕਰਾਡ ਦਿਖਾਇਆ ਗਿਆ ਤੇ ਉਨ੍ਹਾਂ ਨੂੰ ਮੈਦਾਨ 'ਚੋਂ ਬਾਹਰ ਜਾਣਾ ਪਿਆ। ਇਸ ਕਾਰਨ ਡੁਇਸਬਰਗ ਨੂੰ ਮੈਚ 'ਚ ਬਾਕੀ ਦੇ ਸਮੇਂ ਆਪਣੇ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ। ਡਾਰਟਮੰਡ ਲਈ ਜੇਡਨ ਸਾਂਚੋ ਨੇ 14ਵੇਂ ਮਿੰਟ ਵਿਚ ਪੈਨਲਟੀ 'ਤੇ, ਜੂਡੇ ਬੇਲਿੰਗਮ ਨੇ 30ਵੇਂ ਮਿੰਟ ਤੇ ਥਾਰਗਨ ਹੇਜ਼ਾਰਡ ਨੇ 39ਵੇਂ ਮਿੰਟ ਵਿਚ ਗੋਲ ਕਰ ਕੇ ਅੱਧੇ ਸਮੇਂ ਤਕ ਆਪਣੀ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਅੱਧੇ ਸਮੇਂ ਤੋਂ ਬਾਅਦ ਡਾਰਟਮੰਡ ਲਈ ਜਿਓਵੇਨ ਰੇਅਨਾ ਨੇ 50ਵੇਂ ਤੇ ਮਾਰਕੋ ਰੁਇਸਨੇ 58ਵੇਂ ਮਿੰਟ ਵਿਚ ਗੋਲ ਕੀਤੇ।