ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮਾਂ ਖੇਡ ਕਬੱਡੀ ਨੂੰ ਮੁਕੰਮਲ ਤੌਰ 'ਤੇ ਨਸ਼ਾ-ਮੁਕਤ ਖੇਡ ਬਣਾਉਣ ਲਈ ਪਹਿਲਕਦਮੀ ਕਰਦਿਆਂ ਛੇ ਦੇਸ਼ਾਂ ਦੀਆਂ 11 ਕਬੱਡੀ ਫੈਡਰੇਸ਼ਨਾਂ ਨੇ ਇਕਜੁੱਟ ਹੋ ਕੇ ਕਬੱਡੀ ਖਿਡਾਰੀਆਂ ਦਾ ਮੁਫ਼ਤ ਡੋਪ ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ। ਨਸ਼ੇ ਦੀ ਵਰਤੋਂ ਕਰਨ ਵਾਲੇ ਖਿਡਾਰੀ ਨੂੰ ਕਬੱਡੀ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਜਾਵੇਗਾ। ਵਿਸ਼ਵ ਕਬੱਡੀ ਡਰੱਗ ਕਮੇਟੀ ਦੇ ਪ੍ਰਧਾਨ, ਵਿਸ਼ਵ ਕਬੱਡੀ ਫੈਡਰੇਸ਼ਨ ਦੇ ਮੈਂਬਰ ਸਰਬਜੀਤ ਸਿੰਘ ਥਿਆੜਾ ਨੇ ਕਿਹਾ ਕਿ 11 ਵਿਸ਼ਵ ਕਬੱਡੀ

ਫੈਡਰੇਸ਼ਨਾਂ ਜਿਨ੍ਹਾਂ 'ਚ ਯੂਐੱਸਏ ਕਬੱਡੀ ਫੈਡਰੇਸ਼ਨ, ਇੰਗਲੈਂਡ ਕਬੱਡੀ ਫੈਡਰੇਸ਼ਨ, ਓਂਟਾਰੀਓ ਕਬੱਡੀ ਫੈਡਰੇਸ਼ਨ, ਐੱਨਕੇਏਸੀ, ਬਿ੍ਟਿਸ਼ ਕੋਲੰਬੀਆ ਕਬੱਡੀ ਫੈਡਰੇਸ਼ਨ, ਨਾਰਥ ਇੰਡੀਆ ਫੈਡਰੇਸ਼ਨ, ਪੰਜਾਬ ਕਬੱਡੀ ਐਸੋਸੀਏਸ਼ਨ, ਨੈਸ਼ਨਲ ਕਬੱਡੀ ਫੈਡਰੇਸ਼ਨ ਆਸਟ੍ਰੇਲੀਆ, ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਆਦਿ ਸ਼ਾਮਲ ਹਨ, ਨੇ ਇਕਜੁੱਟ ਹੋ ਕੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਿਹੜਾ ਖਿਡਾਰੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਉਸ ਨੂੰ ਸਾਲ 2020 'ਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ 'ਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਬੱਡੀ ਪੰਜਾਬ ਨਾਲ ਜੁੜੀ ਹੋਈ ਰਵਾਇਤੀ ਖੇਡ ਹੈ ਤੇ ਜਿਹੜਾ ਖਿਡਾਰੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਉਸ ਨੂੰ ਮਾਂ ਖੇਡ ਕਬੱਡੀ ਨਾਲ ਧੋਖਾ ਕਰਨ ਦੀ ਕਿਸੇ ਵੀ ਕੀਮਤ 'ਤੇ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਬੱਡੀ ਮਾਰਸ਼ਲ ਖੇਡ ਹੈ ਅਤੇ ਇਸ ਵਿਚ ਉਹੀ ਖਿਡਾਰੀ ਸਹੀ ਤਰੀਕੇ ਨਾਲ ਖੇਡ ਸਕਦਾ ਹੈ ਜਿਸ ਨੇ ਪੂਰੀ ਮਿਹਨਤ ਨਾਲ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਿਆ ਹੈ।

ਮੁਫ਼ਤ ਕੀਤਾ ਜਾਵੇਗਾ ਖਿਡਾਰੀਆਂ ਦਾ ਡੋਪ ਟੈਸਟ

ਸਰਬਜੀਤ ਸਿੰਘ ਥਿਆੜਾ ਨੇ ਕਿਹਾ ਕਿ ਵਿਸ਼ਵ ਕਬੱਡੀ ਡਰੱਗ ਕਮੇਟੀ ਵੱਲੋਂ ਕਬੱਡੀ ਖਿਡਾਰੀਆਂ ਦਾ ਡੋਪ ਟੈਸਟ ਬਿਲਕੁਲ ਮੁਫ਼ਤ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਚੰਡੀਗੜ੍ਹ ਵਿਖੇ 15 ਦਸੰਬਰ ਤਕ ਹੋਵੇਗਾ ਅਤੇ ਡੋਪ ਟੈਸਟ ਦਾ ਸਾਰਾ ਖ਼ਰਚਾ ਵਿਸ਼ਵ ਕਬੱਡੀ ਡਰੱਗ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੇ 15 ਦਸੰਬਰ ਤਕ ਡੋਪ ਟੈਸਟ ਨਹੀਂ ਕਰਵਾਇਆ ਜਾਂ ਉਹ ਡੋਪ ਟੈਸਟ ਵਿਚ ਫੇਲ੍ਹ ਹੋ ਜਾਂਦਾ ਹੈ ਤਾਂ ਫੈਡਰੇਸ਼ਨਾਂ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟਾਂ ਵਿਚ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਡੋਪ ਟੈਸਟ ਕਰਵਾਉਣ ਉਪਰੰਤ ਇਸ ਦੀ ਰਿਪੋਰਟ ਸਬੰਧਤ ਫੈਡਰੇਸ਼ਨ ਨੂੰ ਸੌਂਪੀ ਜਾਵੇ।