ਕਬੱਡੀ ਖੇਡ ਜਗਤ 'ਚ 2019 ਦਾ ਸਰਦ ਰੁੱਤ ਸੀਜਨ ਅਹਿਮ ਤੇ ਯਾਦਗਾਰੀ ਸਾਬਤ ਹੋਇਆ। ਸਰਕਲ ਕਬੱਡੀ ਦੇ ਵੱਡੇ ਇਨਾਮੀ ਮੁਕਾਬਲਿਆਂ ਦੇ ਚੱਲਦਿਆਂ ਪਿਛਲੇ ਦੋ ਸਾਲ ਤੋਂ 'ਪੰਜਾਬੀ ਜਾਗਰਣ' ਅਖ਼ਬਾਰ ਨੇ ਕਬੱਡੀ ਖੇਡ 'ਚ ਵਧ ਰਹੀਆਂ ਕੁਰੀਤੀਆਂ ਸਬੰਧੀ ਲਗਾਤਾਰ ਲੇਖ ਛਾਪੇ ਹਨ। ਇਨ੍ਹਾਂ ਲਿਖਤਾਂ ਨੇ ਇਸ ਵਾਰ ਪੰਜਾਬ ਵਿਚ ਕਬੱਡੀ ਦੀਆਂ ਜਥੇਬੰਦੀਆਂ ਤੇ ਖੇਡ ਕਲੱਬਾਂ ਨੂੰ ਲੋੜੀਂਦੇ ਸੁਧਾਰਾਂ ਵੱਲ ਗੌਰ ਕਰਨ ਲਈ ਮਜਬੂਰ ਕੀਤਾ, ਜਿਸ ਦੇ ਚੱਲਦਿਆ ਜਿੱਥੇ ਖਿਡਾਰੀਆਂ ਦੇ ਡੋਪ ਟੈਸਟ ਹੋਏ, ਉੱਥੇ ਰਾਤ ਨੂੰ ਹੋਣ ਵਾਲੇ ਮੈਚਾਂ ਦਾ ਰੁਝਾਨ ਵੀ ਕਾਫ਼ੀ ਘਟਿਆ ਹੈ। ਲੜਕੀਆਂ ਦੀ ਕਬੱਡੀ ਨੁਮਾਇਸ਼ੀ ਪੱਧਰ ਤੋਂ ਉੱਪਰ ਉੱਠ ਕੇ ਪੇਸ਼ੇਵਰ ਲੀਗ ਤਕ ਪੁੱਜੀ। ਇਸ ਸੀਜ਼ਨ ਦੌਰਾਨ ਪੁਰਸ਼ ਵਰਗ 'ਚ ਲੱਖਾਂ ਦੇ ਧਾਵੇ ਤੇ ਜੱਫੇ ਵੀ ਨਵੇਂ ਕੀਰਤੀਮਾਨ ਸਿਰਜ ਗਏ। ਇਸ ਦੇ ਨਾਲ ਹੀ ਕਬੱਡੀ ਨਾਲ ਜੁੜੀਆਂ ਕੁਝ ਹਸਤੀਆਂ ਦੀ ਬੇਵਕਤੀ ਮੌਤ ਨੇ ਵੀ ਸਭ ਨੂੰ ਗ਼ਮਗੀਨ ਕਰ ਦਿੱਤਾ। ਕਈ ਵੱਡੇ ਇਨਾਮੀ ਟੂਰਨਾਮੈਂਟਾਂ ਨੂੰ ਇੰਦਰ ਦੇਵਤਾ ਦੀ ਕਰੋਪੀ ਕਾਰਨ ਰੱਦ ਕਰਨਾ ਪਿਆ।

ਡੋਪ ਟੈਸਟਿੰਗ ਲਈ ਜਥੇਬੰਦੀਆਂ ਹੋਈਆਂ ਇਕਮੱਤ

ਕਬੱਡੀ ਪੰਜਾਬੀਆਂ ਦੇ ਜਨਜੀਵਨ 'ਚੋਂ ਉੱਭਰੀ ਖੇਡ ਹੈ। ਇਸ ਦੇ ਨਿਯਮ ਵੀ ਵਧੇਰੇ ਖੇਤਰੀ ਪੱਧਰ ਤਕ ਸੀਮਿਤ ਹਨ। ਪੰਜਾਬ-ਹਰਿਆਣਾ ਵਿਚ ਕਬੱਡੀ ਦੇ ਮੈਚ ਕਰਵਾਉਣ ਵਾਲੀਆਂ ਖੇਡ ਸੰਸਥਾਵਾਂ ਸਮੇਂ ਤੇ ਸਥਿਤੀ ਅਨੁਸਾਰ ਆਪਣੇ ਨਿਯਮ ਬਦਲਦੀਆਂ ਰਹਿੰਦੀਆਂ ਹਨ। ਸਰਕਲ ਸਟਾਈਲ ਕਬੱਡੀ ਵਿਚ ਦੇਸ਼-ਵਿਦੇਸ਼ 'ਚ ਪੈਸੇ ਦੀ ਵਧੀ ਭਰਮਾਰ ਨੇ ਨੌਜਵਾਨਾਂ ਵਿਚ ਇਕ ਦੂਜੇ ਤੋਂ ਤਕੜਾ ਹੋਣ ਦੀ ਦੌੜ ਨੇ ਸ਼ਕਤੀਵਰਧਕ ਦਵਾਈਆਂ ਦਾ ਰੁਝਾਨ ਵਧਾ ਦਿੱਤਾ ਹੈ। ਜਿਸ ਦੇ ਮਾਰੂ ਸਿੱਟੇ ਸਾਡੇ ਸਾਹਮਣੇ ਆ ਰਹੇ ਹਨ। ਖਿਡਾਰੀਆਂ ਦੀਆਂ ਬੇਵਕਤੀ ਮੌਤਾਂ ਨੇ ਦੇਸ਼-ਵਿਦੇਸ਼ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਕਰ ਦਿੱਤਾ ਹੈ। ਫਲਸਰੂਪ ਓਂਟਾਰੀਓ ਕਬੱਡੀ ਫੈਡਰੇਸ਼ਨ ਨੇ ਸੀਜ਼ਨ 2018 ਵਿਚ ਡੋਪਗ੍ਰਸਤ ਖਿਡਾਰੀਆਂ ਨੂੰ ਬੈਨ ਕਰ ਦਿੱਤਾ। ਇਸ ਦੇ ਚੱਲਦਿਆਂ ਪੰਜਾਬ 'ਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਡੋਪ ਟੈਸਟ ਕਰਵਾਏ ਹਨ, ਜਿਨ੍ਹਾਂ 'ਚ ਕਈ ਸਟਾਰ ਖਿਡਾਰੀ ਵੀ ਇਸ ਵਰਤਾਰੇ ਦੇ ਸ਼ਿਕਾਰ ਪਾਏ ਗਏ। ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਵੀ 39 ਖਿਡਾਰੀਆਂ ਨੂੰ ਬੈਨ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਹੋਰ ਸੁਧਾਰਾਂ ਦੀ ਗੁੰਜਾਇਸ਼ ਹੈ।

ਇੰਗਲੈਂਡ ਕਬੱਡੀ ਫੈਡਰੇਸ਼ਨ ਹੋਈ ਇਕਮੁੱਠ

ਕਬੰਡੀ ਨੂੰ ਦਹਾਕਿਆਂ ਤੋਂ ਬੁਲੰਦੀ ਵੱਲ ਲੈ ਕੇ ਵਧ ਰਹੀ ਯੂਕੇ ਕਬੱਡੀ ਫੈਡਰੇਸ਼ਨ ਵਿਚ ਇਸ ਸਾਲ ਇਕਮੁੱਠਤਾ ਹੋ ਗਈ ਹੈ। ਦੋਵਾਂ ਗਰੁੱਪਾਂ ਨੇ ਰਣਜੀਤ ਸਿੰਘ ਢੰਡਾ ਤੇ ਸੁਰਿੰਦਰ ਸਿੰਘ ਮਾਣਕ ਨੂੰ ਆਪਣੇ ਪ੍ਰਧਾਨ ਸਵੀਕਾਰ ਲਿਆ ਹੈ। ਇਸ ਨਾਲ ਆਉਣ ਵਾਲੇ ਸਮੇਂ ਦੌਰਾਨ ਯੂਕੇ 'ਚ ਮੁੜ ਕਬੱਡੀ ਹੋਣ ਦੀ ਆਸ ਹੈ।

ਲੜਕੀਆਂ ਦੀ ਕਬੱਡੀ ਲੀਗ

ਦਹਾਕਿਆਂ ਤੋਂ ਨੁਮਾਇਸ਼ੀ ਮੈਚਾਂ ਤਕ ਸੀਮਿਤ ਰਹੀ ਮਹਿਲਾ ਕਬੱਡੀ ਨੂੰ ਇਸ ਸਾਲ ਉੱਪਰਲੇ ਮੰਚ ਤੇ ਜਾਣ ਦਾ ਮੌਕਾ ਮਿਲਿਆ। ਹਰਿਆਣਾ ਦੇ ਨਿਡਾਨੀ ਕਸਬੇ ਵਿਚ 26 ਫਰਵਰੀ ਤੋਂ 3 ਮਾਰਚ 2019 ਤਕ ਪਹਿਲੀ ਮਹਿਲਾ ਅੰਤਰਰਾਸ਼ਟਰੀ ਸਕਰਲ ਕਬੱਡੀ ਲੀਗ ਰੋਹਤਾਸ਼ ਸਿੰਘ ਨਾਂਦਲ, ਹਰਬੀਰ ਕੌਰ ਭਿੰਡਰ ਤੇ ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਅਗਵਾਈ 'ਚ ਕਰਵਾਈ ਗਈ। ਇਸ ਵਿਚ ਪੰਜਾਬ ਕੁਈਨਜ਼ ਦੀ ਟੀਮ ਜੇਤੂ ਬਣੀ। ਖਿਡਾਰਨਾਂ ਨੂੰ ਲੱਖਾਂ ਦੇ ਇਨਾਮ ਦਿੱਤੇ ਗਏ। ਇਸ ਦੌਰਾਨ ਸੁਖਦੀਪ ਕੌਰ ਸੁੱਖੀ, ਕਰਮੀ ਚਹਿਲ, ਸੋਨੀਆ, ਰਿੱਤੂ ਨਾੜਾ, ਮੀਨੂੰ ਰਾਣੀ, ਸਮਿੱਤ ਮਤਲੋਡਾ, ਰਾਮ ਬਤੇਰੀ, ਬਲਜੀਤ ਕੌਰ ਔਲਖ, ਮੋਨਿਕਾ, ਆਸਾ, ਹੈਪੀ, ਵੀਰਪਾਲ, ਰਾਜੂ, ਅੰਜੂ ਰਾਣੀ ਤੇ ਸੀਮਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਚੰਗੀ ਸ਼ਾਖ ਬਣਾਈ।

ਮੋਹਰੀ ਟੂਰਨਾਮੈਂਟ

ਪੰਜਾਬ ਦੀ ਕਬੱਡੀ ਵਿਚ ਹਰ ਸਾਲ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਇਸ ਸਾਲ ਅਨੁਸ਼ਾਸਨ ਤੇ ਪ੍ਰਬੰਧਾਂ ਪੱਖੋਂ ਨੰਗਲ ਅੰਬੀਆ ਸੁਪਰ ਕਬੱਡੀ ਕੱਪ ਮਿਸਾਲ ਬਣਿਆ, ਜਿਸ ਨੇ ਪੰਜਾਬ ਵਿਚਲੇ ਵਰਲਡ ਕੱਪ ਨੂੰ ਵੀ ਮਾਤ ਪਾਈ। ਇਨਾਮਾਂ ਪੱਖੋਂ ਜੰਡਿਆਲਾ ਮੰਜਕੀ ਕੱਪ ਦੀ ਝੰਡੀ ਰਹੀ, ਜਿੱਥੇ ਖਿਡਾਰੀਆਂ ਤੇ ਖੇਡ ਜਗਤ ਨਾਲ ਜੁੜੀਆਂ ਹਸ਼ਤੀਆਂ ਨੂੰ ਮੋਟਰਸਾਈਕਲ, ਕਾਰਾਂ ਤੇ ਨਕਦੀ ਨਾਲ ਮਾਲੋਮਾਲ ਕੀਤਾ ਗਿਆ। ਇਕੱਠ ਪੱਖੋਂ ਦਿੜ੍ਹਬਾ ਮੰਡੀ ਤੇ ਅਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਕੱਪ ਨੇ ਰਿਕਾਰਡ ਤੋੜ ਦਿੱਤੇ। ਰੇਡਾਂ-ਜੱਫਿਆ 'ਤੇ ਲੱਗੇ ਦਾਵਾਂ ਦੇ ਪੱਖ ਤੋਂ ਮੁਠੱਡਾ ਕਲਾਂ ਤੇ ਢੰਡਾਂ, ਸਰਹਾਲੀ, ਬਬੇਲੀ, ਬੜਾਪਿੰਡ, ਕਬੂਲਪੁਰ, ਨਵਾਂਸ਼ਹਿਰ, ਡੱਫਰ, ਭੰਮ, ਭਾਗੋਮਾਜਰਾ, ਚੋਹਲਾ ਸਾਹਿਬ, ਕਪੂਰਥਲਾ, ਸੈਦੋਵਾਲ ਤੇ ਰੁੜਕਾ ਕਲਾਂ ਕਬੱਡੀ ਕੱਪਾਂ ਮੌਕੇ ਰੇਡਾਂ-ਜੱਫਿਆ 'ਤੇ ਚੰਗੇ ਇਨਾਮ ਲੱਗੇ। ਅਨੁਸ਼ਾਸਨ ਪੱਖੋਂ ਰੁੜਕਾ ਖੁਰਦ ਦਾ ਕਬੱਡੀ ਕੱਪ ਆਪਣਾ ਪਿਛਲਾ ਰਿਕਾਰਡ ਬਰਕਰਾਰ ਰੱਖਣ 'ਚ ਕਾਮਯਾਬ ਰਿਹਾ।

ਮਹਿੰਗੀਆਂ ਰੇਡਾਂ ਤੇ ਜੱਫਿਆਂ ਵਾਲੇ ਖਿਡਾਰੀ

ਕਬੱਡੀ ਵਿਚ ਵੀ ਹੁਣ ਕ੍ਰਿਕਟ ਵਾਂਗ ਹਰ ਸਕੋਰ 'ਤੇ ਸੱਟਾ ਲਗਦਾ ਹੈ। ਟੂਰਨਾਮੈਂਟ ਦੇ ਇਨਾਮ ਤੋਂ ਵੱਧ ਪੈਸੇ ਕਈ ਵਾਰ ਰੇਡਾਂ-ਜੱਫਿਆ 'ਤੇ ਲੱਗ ਜਾਂਦੇ ਹਨ। ਇਸ ਸੀਜ਼ਨ ਦੌਰਾਨ ਮੁੱਛ-ਫੁੱਟ ਗੱਭਰੂ ਮਨੀ ਮੱਲੀਆਂ ਨੇ ਢੰਡਾਂ ਕੱਪ 'ਤੇ ਸੰਦੀਪ ਲੁੱਧਰ ਨੂੰ 7.50 ਲੱਖ ਰੁਪਏ ਦਾ ਜੱਫਾ ਲਾ ਕੇ ਰਿਕਾਰਡ ਕਾਇਮ ਕੀਤਾ। ਇਸ ਦੇ ਨਾਲ ਹੀ ਪਾਲਾ ਜਲਾਲਪੁਰ, ਤਾਰੀ ਖੀਰਾਂਵਾਲ, ਅਰਸ ਚੋਹਲਾ, ਖ਼ੁਸ਼ੀ ਦੁੱਗਾਂ, ਸੰਦੀਪ ਸੰਧੂ, ਸਰਨਾ ਡੱਗੋਰਮਾਣਾ, ਯਾਦਾ ਸੁਰਖ਼ਪੁਰ, ਜੱਸਾ ਸੰਗਤਪੁਰਾ, ਇੰਦਰਜੀਤ ਕਲਸੀਆ, ਮੰਗੀ ਬੱਗਾ, ਗਿੰਦਾ ਬੱਗਾ, ਸੰਨੀ ਕਾਲਾਸੰਘਿਆਂ ਤੇ ਭਿੰਦਾ ਮੂਲੇਵਾਲ ਖਹਿਰਾ ਨੇ ਲੱਖਾਂ ਰੁਪਏ ਤੇ ਮੋਟਰਸਾਈਕਲਾਂ ਦੇ ਇਨਾਮ ਵਾਲੇ ਜੱਫੇ ਲਾਏ। ਇਸੇ ਤਰ੍ਹਾਂ ਦੁੱਲਾ ਬੱਗਾਪਿੰਡ, ਸੰਦੀਪ ਲੁੱਧਰ, ਸੁਲਤਾਨ ਸਮਸਪੁਰ, ਜੋਤਾ ਮਹਿਮਦਵਾਲ, ਰਾਜੂ ਕੋਟੜਾ ਭੜੀ, ਭੂਰੀ ਛੰਨਾ, ਗੱਜਣ ਡੇਰਾ ਬਾਬਾ ਨਾਨਕ, ਜੱਗੂ ਸੈਦੋਵਾਲ, ਰਿੰਕੂ ਖੈਰੰਟੀ, ਪਿੰਦੂ ਦੁਤਾਲ, ਕਾਲਾ ਧਨੌਲਾ, ਰਵੀ ਦਿਓਰਾ, ਮੱਖਣ ਮੱਖੀ ਕਲਾਂ, ਕਾਕਾ ਨੰਗਲਾ, ਪਾਲੀ ਛੰਨਾ ਨੇ ਵੀ ਲੱਖਾਂ ਦੀਆਂ ਜੇਤੂ ਰੇਡਾਂ ਪਾਈਆਂ।

ਮੀਂਹ ਦੀ ਭੇਟ ਚੜ੍ਹੇ ਕਬੱਡੀ ਕੱਪ

ਇਸ ਸੀਜਨ ਦੌਰਾਨ ਖੇਡ ਪ੍ਰਬੰਧਕਾਂ ਨੇ ਪੈਸੇ ਪੱਖੋਂ ਬੜੀ ਖੁੱਲ੍ਹਦਿਲੀ ਪਰ ਕੁਦਰਤ ਨੇ ਬਹੁਤ ਤੰਗਦਿਲੀ ਦਿਖਾਈ। ਪੰਜਾਬ ਦੇ ਕਈ ਵੱਡੇ ਬਜਟ ਵਾਲੇ ਟੂਰਨਾਮੈਂਟ ਇਸ ਸਾਲ ਮੀਂਹ ਦੀ ਭੇਟ ਚੜ੍ਹੇ, ਜਿਨ੍ਹਾਂ ਵਿਚ ਖਹਿਰਾ ਭੱਟੀਆਂ, ਸਰਹਾਲਾ ਰਣੂੰਆਂ ਤੇ ਡੱਲੇਵਾਲ ਆਦਿ ਦੇ ਕਬੱਡੀ ਮੁਕਾਬਲੇ ਜ਼ਿਕਰਯੋਗ ਹਨ।

ਦਬਦਬਾ ਕਾਇਮ ਕਰਨ ਵਾਲੀਆਂ ਟੀਮਾਂ ਤੇ ਖਿਡਾਰੀ

ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵਿਚ ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ ਨੇ ਇਸ ਸੀਜ਼ਨ 'ਚ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇਸ ਦੇ ਨਾਲ ਹੀ ਸਰਹਾਲਾ ਰਾਣੂੰਆਂ, ਰਾਇਲ ਕਿੰਗ, ਸੁਰਖ਼ਪੁਰ, ਰੁੜਕਾ ਦਾ ਵੀ ਚੰਗਾ ਪ੍ਰਭਾਵ ਰਿਹਾ, ਜਦਕਿ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵੱਲੋਂ ਬਾਬਾ ਭਗਵਾਨ ਸਿੰਘ ਕਲੱਬ ਮਾਝਾ ਭਗਵਾਨਪੁਰ ਬਹੁਤ ਜ਼ਬਰਦਸਤ ਟੀਮ ਸਾਬਤ ਹੋਈ। ਇਸਦੇ ਨਾਲ ਹੀ ਫਗਵਾੜਾ, ਨਕੋਦਰ, ਅਨੰਦਰਪੁਰ ਸਾਹਿਬ ਤੇ ਰਾੜਾ ਸਾਹਿਬ ਨੇ ਵੀ ਚੰਗੇ ਮੁਕਾਬਲੇ ਦਿਖਾਏ। ਇਸੇ ਤਰ੍ਹਾਂ ਖਿਡਾਰੀਆਂ ਵਿੱਚੋਂ ਧਾਵੀ ਸੁਲਤਾਨ ਸਮਸਪੁਰ, ਰਿੰਕੂ ਖੈਰੰਟੀ, ਸੰਦੀਪ ਲੁੱਧਰ, ਸੁੱਖਾ ਮਾਹਲਾ, ਬੰਟੀ ਟਿੱਬਾ, ਰਿਸ਼ੀ ਬਾਹੂ ਅਕਬਰਪੁਰ, ਤਾਰੀ ਮੰਡੀ ਕਲਾਂ, ਕਮਲ ਮਤੋਈ, ਗੱਗੀ ਖੀਰਾਂਵਾਲ, ਦੁੱਲਾ ਬੱਗਾਪਿੰਡ, ਜਾਫੀ ਖ਼ੁਸ਼ੀ ਦੁੱਗਾ, ਸੰਦੀਪ ਨੰਗਲ ਅੰਬੀਆ, ਯਾਦਾ ਸੁਰਖ਼ਪੁਰ, ਹੁਸ਼ਿਆਰਾ ਬੋਪੁਰ, ਫ਼ੌਜੀ ਸ਼ੀਹੋਂਮਾਜਰਾ ਨੇ ਨੌਰਥ ਇੰਡੀਆ ਫੈਡਰੇਸ਼ਨ ਦੇ ਖਿਡਾਰੀ ਤੇ ਅਰਸ ਚੋਹਲਾ ਸਾਹਿਬ, ਅੰਮ੍ਰਿਤ ਔਲਖ, ਜੁਗਰਾਜ ਪੱਧਰੀ, ਸਪਿੰਦਰ ਮਨਾਣਾ, ਜੋਤ ਰਾਮਗੜ੍ਹ, ਮੇਜਰ ਮਿਰਗ, ਸੰਨੀ ਕਾਲਾਸੰਘਾ ਜਾਫੀ, ਧਾਵੀ ਗੱਜਣ ਡੇਰਾ ਬਾਬਾ ਨਾਨਕ, ਭੂਰੀ ਛੰਨਾ, ਕਾਕਾ ਨੰਗਲਾ, ਸੁੱਖਾ ਜੌੜੇਸੰਘਾ, ਭੋਲਾ ਜੰਡੀ, ਰਾਜੂ ਕੋਟੜਾ ਭੜੀ ਵਰਗੇ ਖਿਡਾਰੀ ਪੰਜਾਬ ਕਬੱਡੀ ਅਕੈਡਮੀਜ ਵੱਲੋਂ ਚਮਕੇ ਸਿਤਾਰੇ ਹਨ।

ਕਬੱਡੀ ਨੂੰ ਸਦਮੇ

ਇਸ ਸੀਜ਼ਨ ਦੌਰਾਨ ਪ੍ਰਸਿੱਧ ਕਬੱਡੀ ਖਿਡਾਰੀ ਬਾਬਾ ਕਰਨੈਲ ਸਿੰਘ ਘੁਰਲੀ, ਗਗਨ ਜਲਾਲ, ਜੱਸ ਗਗੜਾ, ਸੁਖਮਨ ਚੋਹਲਾ ਸਾਹਿਬ, ਬਲਕਾਰ ਰੂਪਾਹੇੜੀ, ਬੱਬੂ ਕੋਰੋਟਾਣਾ, ਖੇਡ ਪ੍ਰਮੋਟਰ ਹਰਵਿੰਦਰ ਫ਼ਤਹਿਗੜ੍ਹ (ਕੈਨੇਡਾ) ਦੀ ਬੇਵਕਤੀ ਮੌਤ ਨੇ ਕਬੱਡੀ ਜਗਤ ਨੂੰ ਧੁਰ ਅੰਦਰ ਤਕ ਝੰਜੋੜਿਆ।

ਸੱਟਾਂ ਦਾ ਸ਼ਿਕਾਰ ਹੋਏ ਸਟਾਰ ਖਿਡਾਰੀ

ਇਸ ਸੀਜ਼ਨ ਦੌਰਾਨ ਕਬੱਡੀ ਖਿਡਾਰੀ ਗੁਰਦਿੱਤ ਕਿਸ਼ਨਗੜ੍ਹ, ਵਰਿੰਦਰ ਦੌਧਰ, ਹੁਸ਼ਿਆਰਾ ਬੋਪੁਰ, ਗਗਨ ਜੋਗੇਵਾਲ, ਮੇਸ਼ੀ ਹਰਖੋਵਾਲ, ਸੱਤੂ ਖਡੂਰ ਸਾਹਿਬ ਸੱਟਾਂ ਲੱਗਣ ਕਾਰਨ ਆਪਣੀ ਖੇਡ ਦਾ ਜਲਵਾ ਨਹੀਂ ਦਿਖਾ ਸਕੇ।

ਮਾਲਵੇ ਦੇ ਪੇਂਡੂ ਕੱਪ ਅਜੇ ਵੀ ਬੇਇੰਤਜ਼ਾਮੀ ਦਾ ਸ਼ਿਕਾਰ

ਪੰਜਾਬ ਦੀ ਸਰਕਲ ਸਟਾਈਲ ਕਬੱਡੀ 'ਚ ਭਾਵੇਂ ਦੇਸ਼ ਅਤੇ ਆਲਮੀ ਪੱਧਰ 'ਤੇ ਵੱਡੇ ਸੁਧਾਰ ਹੋਏ ਹਨ ਪ੍ਰੰਤੂ ਮਾਲਵੇ ਵਾਲੇ ਇਸ ਪਾਸੇ ਬਹੁਤ ਘੱਟ ਫ਼ਿਕਰਮੰਦ ਹਨ। ਕਈ ਵੱਡੇ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟਾਂ 'ਤੇ ਇਸ ਸੀਜਨ ਦੌਰਾਨ ਵੀ ਰਾਤਾਂ ਨੂੰ ਹੁੰਦੇ ਮੈਚਾਂ ਨੇ ਦਰਸ਼ਕਾਂ ਨੂੰ ਕਾਫ਼ੀ ਨਿਰਾਸ਼ ਕੀਤਾ। ਇਸ ਨਾਲ ਜਿੱਥੇ ਖੇਡ ਪ੍ਰਭਾਵਿਤ ਹੁੰਦੀ ਹੈ ਉੱਥੇ ਲੋਕ ਵੀ ਕਬੱਡੀ ਨਾਲੋਂ

ਟੁੱਟਦੇ ਹਨ।

ਕਬੱਡੀ ਲਈ ਵਿਸ਼ਵ ਪੱਧਰੀ ਸੰਸਥਾ ਦੀ ਲੋੜ

ਕਬੱਡੀ ਨੂੰ ਹੋਰ ਉਸਾਰੂ ਲੀਹਾਂ 'ਤੇ ਪਾਉਣ ਲਈ ਦੁਨੀਆ ਭਰ 'ਚ ਬੈਠੇ ਕਬੱਡੀ ਪ੍ਰਬੰਧਕਾਂ ਨੂੰ ਇਕ ਵਿਸ਼ਵ ਪੱਧਰੀ ਸੰਸਥਾ ਬਣਾਉੁਣ ਦੀ ਲੋੜ ਹੈ। ਕਬੱਡੀ 'ਚ ਵਧ ਰਹੀਆਂ ਮਾੜੀਆਂ ਅਲਾਮਤਾਂ ਨੂੰ ਦੂਰ ਕਰਨ ਲਈ ਸਾਂਝੇ ਉਪਰਾਲਿਆਂ ਦੀ ਬੇਹੱਦ ਲੋੜ ਹੈ।

ਵੱਡੇ ਮਾਣ-ਸਨਮਾਨ

ਕਬੱਡੀ ਖੇਡ ਜਗਤ 'ਚ ਹਰ ਸਾਲ ਵਧੀਆ ਖਿਡਾਰੀਆਂ ਤੇ ਖੇਡ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਕੀਤੇ ਜਾਂਦੇ ਹਨ। ਇਸ ਸਾਲ ਦੁੱਲਾ ਬੱਗਾਪਿੰਡ ਨੂੰ ਫਾਰਚੂਨਰ ਗੱਡੀ, ਅਰਸ਼ ਚੋਹਲਾ (ਸਕਾਰਪੀਓ ਕਾਰ), ਵਰਿੰਦਰ ਦੌਧਰ (ਬਰੀਜ਼ਾ ਕਾਰ), ਬਿੱਟੂ ਦੁਗਾਲ (ਸਕਾਰਪੀਓ ਕਾਰ), ਗੁਰਦਿੱਤ ਕਿਸ਼ਨਗੜ੍ਹ (ਜੀਪ), ਕਬੱਡੀ ਬੁਲਾਰਾ ਅਮਰੀਕ ਖੋਸਾ ਕੋਟਲਾ (ਬਰੀਜਾ ਕਾਰ), ਜੀਵਨ ਮਾਣੂੰਕੇ ਨੂੰ ਜੀਪ ਦੇ ਕੇ ਸਨਮਾਨਿਤ ਕੀਤਾ ਗਿਆ। ਬਹੁਤ ਸਾਰੇ ਕਬੱਡੀ ਦਰਸ਼ਕਾਂ ਨੂੰ ਲੱਕੀ ਡਰਾਅ ਨਾਲ ਕਾਰਾਂ-ਜੀਪਾਂ ਪ੍ਰਾਪਤ ਹੋਈਆਂ। ਪਾਕਿਸਤਾਨ ਖੇਡ ਕੇ ਆਏ ਹਰਿਆਣਵੀ ਖਿਡਾਰੀ ਕਾਲੀਆ ਸਮੈਣ ਨੂੰ ਪਿੰਡ ਵਾਸੀਆਂ ਨੇ ਢਾਈ ਲੱਖ ਦਾ ਹਾਰ ਪਾ ਕੇ ਸਨਮਾਨਿਤ ਕੀਤਾ। ਬਹੁਤ ਸਾਰੇ ਹੋਰਨਾਂ ਖਿਡਾਰੀਆਂ ਦੇ ਮੋਟਰਸਾਈਕਲਾਂ ਤੇ ਨਕਦੀ ਨਾਲ ਮਾਣ-ਸਨਮਾਨ ਹੋਏ।

ਸਤਪਾਲ ਮਾਹੀ ਖਡਿਆਲ

98724-59691

Posted By: Harjinder Sodhi