ਨਿਊਯਾਰਕ, (ਏਪੀ) : ਵਿਸ਼ਵ ਦੇ ਤੀਸਰੇ ਨੰਬਰ ਦੇ ਆਸਟ੍ਰੀਆਈ ਖਿਡਾਰੀ ਡੋਮਿਨਿਕ ਥਿਏਮ ਨੇ ਦੋ ਸੈੱਟ ਗੁਆਉਣ ਤੋਂ ਬਾਅਦ ਪੰਜਵੇਂ ਸੈੱਟ 'ਚ ਉਮੀਦ ਤੋਂ ਪਰੇ ਟਾਈਬ੍ਰੇਕਰ 'ਚ ਐਲਗਜ਼ੈਂਡਰ ਜਵਰੇਵ ਨੂੰ ਹਰਾ ਕੇ ਯੂਐੱਸ ਓਪਨ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ। ਇਸਦੇ ਨਾਲ ਹੀ ਉਹ 71 ਸਾਲ ਬਾਅਦ ਸ਼ੁਰੂਆਤ ਦੋ ਸੈੱਟ ਗੁਆ ਕੇ ਇਹ ਖ਼ਿਤਾਬ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣ ਗਏ। ਇਸ ਤੋਂ ਪਹਿਲਾਂ 1949 'ਚ ਟੈੱਡ ਸ਼੍ਰੋਡੇਰ ਨੂੰ ਹਰਾ ਕੇ ਪਾਂਚੋ ਗੋਂਜਾਲੇਸ ਨੇ ਜਦੋਂ ਖ਼ਿਤਾਬ ਜਿੱਤਿਆ ਸੀ, ਉਦੋਂ ਉਨ੍ਹਾਂ ਵੀ ਦੋ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕੀਤੀ ਸੀ। ਦੋਵਾਂ ਖਿਡਾਰੀਆਂ ਵਿਚਾਲੇ ਇਹ ਮੈਰਾਥਨ ਮੁਕਾਬਲਾ ਲਗਪਗ ਚਾਰ ਘੰਟੇ ਤੋਂ ਵੱਧ ਸਮੇਂ ਤਕ ਚੱਲਿਆ। ਇਸ ਵਾਰ ਯੂਐੱਸ ਓਪਨ ਨੂੰ ਨਵਾਂ ਚੈਂਪੀਅਨ ਵੀ ਮਿਲ ਗਿਆ ਕਿਉਂਕਿ ਦੋਵੇਂ ਖਿਡਾਰੀ ਪਹਿਲੀ ਵਾਰ ਹੀ ਯੂਐੱਸ ਓਪਨ ਦੇ ਫਾਈਨਲ 'ਚ ਪਹੁੰਚੇ ਸਨ।

ਹਾਰ ਦੇ ਕੰਢੇ ਸਨ ਥਿਏਮ : ਦਰਸ਼ਕਾਂ ਦੇ ਬਿਨਾਂ ਆਰਥਰ ਏਸ਼ ਸਟੇਡੀਅਮ 'ਚ ਹਾਰ ਦੇ ਕੰਢੇ ਪਹੁੰਚ ਥਿਏਮ 2-6, 4-6, 6-4, 6-3, 7-6 ਨਾਲ ਜਿੱਤ ਦਰਜ ਕੀਤੀ। ਇਹ ਉਨ੍ਹਾਂ ਦਾ ਪਹਿਲਾ ਗ੍ਰੈਂਡਸਲੈਮ ਖ਼ਿਤਾਬ ਹੈ। ਤੀਸਰੇ ਚੈਂਪੀਅਨਸ਼ਿਪ ਅੰਕ 'ਤੇ ਬੈਕਹੈਂਡ 'ਤੇ ਜਵਰੇਵ ਦਾ ਸ਼ਾਟ ਜਿਵੇਂ ਹੀ ਬਾਹਰ ਡਿੱਗਾ, ਥਿਏਮ ਨੇ ਆਪਣਾ ਚਿਹਰਾ ਹੱਥਾਂ ਨਾਲ ਢੱਕ ਲਿਆ। ਇਸ ਤੋਂ ਬਾਅਦ ਜਵਰੇਵ ਉਨ੍ਹਾਂ ਵੱਲ ਆਏ ਤੇ ਕੋਵਿਡ-19 ਕਾਰਨ ਸਰੀਰਕ ਦੂਰੀ ਦੇ ਇਸ ਦੌਰ 'ਚ ਉਨ੍ਹਾਂ ਨੂੰ ਗਲੇ ਲਗਾ ਲਿਆ। ਥਿਏਮ ਨੇ ਆਪਣਾ ਸਿਰ ਜਵਰੇਵ ਦੇ ਮੋਢੇ 'ਤੇ ਰੱਖਿਆ, ਜਦੋਂਕਿ ਜਰਮਨੀ ਦੇ ਜਵੇਰੇਵ ਪਹਿਲਾ ਗ੍ਰੈਂਡਸਲੈਮ ਜਿੱਤਣ ਤੋਂ ਦੋ ਅੰਕਾਂ ਨਾਲ ਖੁੰਝ ਗਏ। ਥਿਏਮ ਇਸ ਤੋਂ ਪਹਿਲਾਂ ਤਿੰਨ ਗ੍ਰੈਂਡਸਲੈਮ ਫਾਈਨਲ ਹਾਰ ਚੁੱਕੇ ਸਨ ਜਿਸ 'ਚ ਉਨ੍ਹਾਂ ਦਾ ਮੁਕਾਬਲਾ ਰੋਜ਼ਰ ਫੈਡਰਡ ਜਾਂ ਰਾਫੇਲ ਨਡਾਲ ਨਾਲ ਹੋਇਆ ਸੀ। ਉਨ੍ਹਾਂ ਫ੍ਰੈਂਚ ਓਪਨ 2018 ਤੇ 2019 ਫਾਈਨਲ 'ਚ ਨਡਾਲ ਤੇ ਇਸ ਸਾਲ ਆਸਟ੍ਰੇਲੀਆਨ ਓਪਨ 'ਚ ਜੋਕੋਵਿਕ ਨੇ ਹਰਾਇਆ ਸੀ। ਮੈਚ 'ਚ ਦਰਸ਼ਕਾਂ ਦਾ ਰੌਲਾ ਨਹੀਂ ਸੀ, ਇਸ ਦੇ ਬਾਵਜੂਦ ਦੋਵਾਂ ਖਿਡਾਰੀਆਂ ਨੇ ਦਮਦਾਰ ਤਰੀਕੇ ਨਾਲ ਖ਼ਿਤਾਬੀ ਮੁਕਾਬਲਾ ਖੇਡਿਆ। ਥਿਏਮ ਆਪਣੇ ਦੇਸ਼ ਲਈ ਗ੍ਰੈਂਡਸਲੈਮ ਜਿੱਤਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਥਾਮਸ ਮਸਟਰ ਨੇ 1995 'ਚ ਫ੍ਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ।

Posted By: Susheel Khanna