ਲੁਸਾਨੇ (ਪੀਟੀਆਈ) : ਭਾਰਤ ਨੇ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਦੇ ਸਾਲਾਨਾ ਪੁਰਸਕਾਰਾਂ ਵਿਚ ਬੁੱਧਵਾਰ ਨੂੰ ਆਪਣਾ ਦਬਦਬਾ ਬਣਾਇਆ ਤੇ ਵੋਟਿੰਗ 'ਤੇ ਅਧਾਰਤ ਪ੍ਰਣਾਲੀ ਵਿਚ ਸਾਰੇ ਵਰਗਾਂ ਵਿਚ ਸਿਖਰਲੇ ਪੁਰਸਕਾਰ ਹਾਸਲ ਕੀਤੇ ਜਿਸ ਨੂੰ ਮਰਦ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਪੁਰਸਕਾਰਾਂ ਦੀ ਨਾਕਾਮੀ ਕਰਾਰ ਦਿੱਤਾ। ਭਾਰਤ ਦੇ ਪੰਜ ਖਿਡਾਰੀਆਂ ਤੇ ਮਰਦ ਤੇ ਮਹਿਲਾ ਟੀਮਾਂ ਦੇ ਮੁੱਖ ਕੋਚਾਂ ਨੇ ਵੱਖ-ਵੱਖ ਵਰਗਾਂ ਵਿਚ ਸਭ ਤੋਂ ਵੱਧ ਵੋਟਿੰਗ ਹਾਸਲ ਕਰ ਕੇ ਚੋਟੀ ਦੇ ਪੁਰਸਕਾਰ ਹਾਸਲ ਕੀਤੇ। ਭਾਰਤੀ ਮਰਦ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ ਜਦਕਿ ਮਹਿਲਾ ਟੀਮ ਚੌਥੇ ਸਥਾਨ 'ਤੇ ਰਹੀ ਸੀ। ਗੁਰਜੀਤ ਕੌਰ (ਮਹਿਲਾ) ਤੇ ਹਰਮਨਪ੍ਰਰੀਤ ਸਿੰਘ (ਮਰਦ) ਨੇ ਆਪਣੇ ਵਰਗਾਂ ਵਿਚ ਸਾਲ ਦਾ ਸਰਬੋਤਮ ਖਿਡਾਰੀ ਪੁਰਸਕਾਰ ਹਾਸਲ ਕੀਤਾ।

ਸਵੀਤਾ ਪੂਨੀਆ (ਸਰਬੋਤਮ ਗੋਲਕੀਪਰ, ਮਹਿਲਾ), ਪੀਆਰ ਸ਼੍ਰੀਜੇਸ਼ (ਸਰਬੋਤਮ ਗੋਲਕੀਪਰ, ਮਰਦ), ਸ਼ਰਮੀਲਾ ਦੇਵੀ (ਸਰਬੋਤਮ ਉੱਭਰਦੀ ਹੋਈ ਸਟਾਰ, ਮਹਿਲਾ) ਤੇ ਵਿਵੇਕ ਪ੍ਰਸਾਦ (ਸਰਬੋਤਮ ਉੱਭਰਦਾ ਸਟਾਰ, ਮਰਦ) ਦੇ ਨਾਲ-ਨਾਲ ਭਾਰਤ ਦੀ ਮਹਿਲਾ ਟੀਮ ਦੇ ਕੋਚ ਸੋਰਡ ਮਾਰਿਨ ਤੇ ਮਰਦ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵੀ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਚੋਟੀ 'ਤੇ ਰਹੇ। ਡਰੈਗ ਫਲਿੱਕਰ ਹਰਮਨਪ੍ਰਰੀਤ ਤੇ ਗੁਰਜੀਤ ਨੇ ਆਪਣੀਆਂ ਟੀਮਾਂ ਵੱਲੋਂ ਓਲੰਪਿਕ ਖੇਡਾਂ ਵਿਚ ਸਭ ਤੋਂ ਵੱਧ ਗੋਲ ਕੀਤੇ ਸਨ। ਹਾਕੀ ਬੈਲਜੀਅਮ ਨੇ ਜੇਤੂਆਂ ਦਾ ਐਲਾਨ ਹੋਣ ਤੋਂ ਬਾਅਦ ਇਸ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਤੇ ਪੁਰਸਕਾਰਾਂ ਦੀ ਪ੍ਰਕਿਰਿਆ 'ਤੇ ਸਵਾਲ ਉਠਾਏ ਕਿਉਂਕਿ ਟੋਕੀਓ ਖੇਡਾਂ ਦੇ ਚੈਂਪੀਅਨ ਨੂੰ ਇਕ ਵੀ ਪੁਰਸਕਾਰ ਨਹੀਂ ਮਿਲਿਆ।

ਰਾਸ਼ਟਰੀ ਸੰਘਾਂ ਦੀਆਂ ਵੋਟਾਂ ਨੂੰ ਕੁੱਲ ਨਤੀਜਿਆਂ ਦਾ 50 ਫ਼ੀਸਦੀ ਮੰਨਿਆ ਗਿਆ। ਰਾਸ਼ਟਰੀ ਸੰਘਾਂ ਦੀ ਨੁਮਾਇੰਦਗੀ ਉਨ੍ਹਾਂ ਦੇ ਸਬੰਧਤ ਰਾਸ਼ਟਰੀ ਕਪਤਾਨਾਂ ਤੇ ਕੋਚਾਂ ਨੇ ਕੀਤੀ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਤੇ ਖਿਡਾਰੀਆਂ (25 ਫ਼ੀਸਦੀ) ਤੇ ਮੀਡੀਆ (25 ਫ਼ੀਸਦੀ) ਦੀਆਂ ਵੋਟਾਂ ਦੇ ਆਧਾਰ 'ਤੇ ਆਖ਼ਰੀ ਫ਼ੈਸਲਾ ਕੀਤਾ ਗਿਆ। ਯੂਰਪ ਦੇ 42 ਮੈਂਬਰਾਂ ਵਿਚੋਂ ਸਿਰਫ਼ 19 ਸੰਘਾਂ ਨੇ ਵੋਟਿੰਗ ਵਿਚ ਹਿੱਸਾ ਲਿਆ ਜਦਕਿ ਏਸ਼ੀਆ ਦੇ 33 ਮੈਂਬਰਾਂ ਵਿਚੋਂ 29 ਨੇ ਵੋਟਿੰਗ ਕੀਤੀ। ਐੱਫਆਈਐੱਚ ਮੁਤਾਬਕ ਕੁੱਲ 79 ਰਾਸ਼ਟਰੀ ਸੰਘਾਂ ਨੇ ਮਤਦਾਨ ਵਿਚ ਹਿੱਸਾ ਲਿਆ। ਇਨ੍ਹਾਂ ਵਿਚ ਅਫਰੀਕਾ ਦੇ 25 ਮੈਂਬਰਾਂ ਵਿਚੋਂ 11, ਏਸ਼ੀਆ ਦੇ 33 ਵਿਚੋਂ 29, ਯੂਰਪ ਦੇ 42 ਵਿਚੋਂ 19, ਓਸੇਨੀਆ ਦੇ ਅੱਠ ਵਿਚੋਂ ਤਿੰਨ ਤੈ ਪੈਨ ਅਮਰੀਕਾ ਦੇ 30 ਵਿਚੋਂ 17 ਮੈਂਬਰ ਸ਼ਾਮਲ ਹਨ। ਰਿਕਾਰਡ 300000 ਪ੍ਰਸ਼ਸੰਕਾਂ ਨੇ ਵੋਟਿੰਗ ਕੀਤੀ। ਬੈਲਜੀਅਮ ਦੇ ਇਤਰਾਜ਼ ਤੋਂ ਬਾਅਦ ਵੀ ਐੱਫਆਈਐੱਚ ਨੇ ਬਿਆਨ ਜਾਰੀ ਕਰ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਤੇ ਵਾਅਦਾ ਕੀਤਾ ਕਿ ਜੇ ਜ਼ਰੂਰੀ ਹੋਇਆ ਤਾਂ ਉਹ ਇਸ ਦੀ ਸਮੀਖਿਆ ਕਰੇਗਾ।

ਨਤੀਜਿਆਂ ਤੋਂ ਹਾਕੀ ਬੈਲਜੀਅਮ ਹੈ ਨਿਰਾਸ਼ :

ਹਾਕੀ ਬੈਲਜੀਅਮ ਨੇ ਟਵੀਟ ਕੀਤਾ ਕਿ ਅਸੀਂ ਇਨ੍ਹਾਂ ਪੁਰਸਕਾਰਾਂ ਦੇ ਨਤੀਜਿਆਂ ਤੋਂ ਬਹੁਤ ਨਿਰਾਸ਼ ਹਾਂ। ਇਕ ਗੋਲਡ ਮੈਡਲ ਜੇਤੂ ਟੀਮ ਜਿਸ ਦੀਆਂ ਸਾਰੇ ਵਰਗਾਂ ਵਿਚ ਕਈ ਨਾਮਜ਼ਦਗੀਆਂ ਸਨ, ਉਸ ਨੂੰ ਇਕ ਵੀ ਪੁਰਸਕਾਰ ਨਹੀਂ ਮਿਲਿਆ, ਜਿਸ ਨਾਲ ਵੋਟਿੰਗ ਪ੍ਰਣਾਲੀ ਦੀ ਨਾਕਾਮੀ ਦਾ ਪਤਾ ਲਗਦਾ ਹੈ। ਅਸੀਂ ਭਵਿੱਖ ਵਿਚ ਇਕ ਨਿਰਪੱਖ ਪ੍ਰਣਾਲੀ ਯਕੀਨੀ ਬਣਾਉਣ ਲਈ ਐੱਫਆਈਐੱਚ ਦੇ ਨਾਲ ਕੰਮ ਕਰਾਂਗੇ। ਟੀਮ ਦੇ ਅਧਿਕਾਰਕ ਹੈਂਡਲ 'ਤੇ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਗਈਆਂ। ਟੀਮ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਖੇਡ ਦੀ ਭਰੋਸੇਯੋਗਤਾ ਤੇ ਅਕਸ ਇਕ ਵਾਰ ਮੁੜ ਮੁਸ਼ਕਲ ਦੌਰ 'ਚੋਂ ਲੰਘ ਰਹੇ ਹਨ। ਬਹੁਤ ਅਫ਼ਸੋਸ ਦੀ ਗੱਲ ਹੈ।