ਜੇਐੱਨਐੱਨ, ਪਟਿਆਲਾ : ਸੋਮਵਾਰ ਨੂੰ ਭਾਰਤੀ ਮੁੱਕੇਬਾਜ਼ੀ ਟੀਮ ਨਾਲ ਜੁੜੇ ਇਕ ਡਾਕਟਰ ਨੂੰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ, ਜਦੋਂਕਿ ਐੱਨਆਈਐੱਸ ਪਟਿਆਲਾ 'ਚ ਅਭਿਆਸ ਲਈ ਇਕੱਠੇ ਹੋਏ ਸਾਰੇ ਮੁੱਕੇਬਾਜ਼ ਨੈਗੇਟਿਵ ਪਾਏ ਗਏ ਹਨ। ਇਸ ਮਾਮਲੇ ਤੋਂ ਬਾਅਦ ਪ੍ਰਸਤਾਵਿਤ ਕੈਂਪ ਮੁਲਤਵੀ ਕੀਤਾ ਜਾ ਸਕਦਾ ਹੈ।

ਏਸ਼ੀਆਈ ਖੇਡਾਂ ਦੇ ਚੈਂਪੀਅਨ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਮੈਡਲ ਜੇਤੂ ਅਮਿਤ ਪੰਘਾਲ ਸਮੇਤ 11 ਮੁੱਕੇਬਾਜ਼ਾਂ ਨੂੰ ਆਰਾਮ ਦਿੱਤਾ ਗਿਆ ਹੈ, ਕਿਉਂਕਿ ਇਹ ਸਾਰੇ ਡਾਕਟਰ ਨਾਲ ਕੁਆਰੰਟਾਈਨ ਕੇਂਦਰ ਗਏ ਸਨ। ਭਾਰਤੀ ਖੇਡ ਅਥਾਰਟੀ (ਸਾਈ) ਨੇ ਕਿਹਾ ਕਿ ਡਾਕਟਰ ਅਮੋਲ ਪਾਟਿਲ ਪਟਿਆਲਾ ਸਥਿਤ ਕੌਮੀ ਖੇਡ ਸੰਸਥਾ ਦੇ ਮੁੱਖ ਕੰਪਲੈਕਸ ਤੋਂ ਬਾਅਦ ਕੁਆਰੰਟਾਈਨ ਸੈਂਟਰ ਗਏ ਸਨ। ਪ੍ਰੋਟੋਕਾਲ ਤਹਿਤ ਮੁੱਖ ਕੰਪਲੈਕਸ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਹੋਈ ਤੇ ਉਹ ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੂੰ ਸਰਕਾਰੀ ਕੋਵਿਡ ਕੇਂਦਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਜਾਂਚ ਮੰਗਲਵਾਰ ਨੂੰ ਹੋਵੇਗੀ। ਉਨ੍ਹਾਂ ਨਾਲ ਕੁਆਰੰਟਾਈਨ ਕੇਂਦਰ 'ਚ ਰਹਿਣ ਵਾਲਿਆਂ ਨੂੰ ਇਕ ਹਫ਼ਤਾ ਹੋਰ ਵੱਖ ਰਹਿਣ ਹੋਵੇਗਾ। ਮੁੱਕੇਬਾਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ ਪਰ ਉਨ੍ਹਾਂ ਦੀ ਮੰਗਲਵਾਰ ਨੂੰ ਦੁਬਾਰਾ ਜਾਂਚ ਹੋਵੇਗੀ।

ਐੱਨਆਈਐੱਸ ਦੇ ਕਾਰਜਕਾਰੀ ਨਿਰਦੇਸ਼ਕ ਤਲਬ

ਕੋਰੋਨਾ ਦੇ ਪਰਛਾਵੇਂ ਹੇਠ ਨੇਤਾਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨਆਈਐੱਸ) 'ਚ ਮਜ਼ਦੂਰਾਂ ਵੱਲੋਂ ਬਾਹਰੋਂ ਨਿਰਮਾਣ ਸਮੱਗਰੀ ਲਿਆਉਣ ਦਾ ਮਾਮਲਾ ਗਰਮਾ ਗਿਆ ਹੈ। ਮਾਮਲੇ 'ਚ ਐੱਨਆਈਐੱਸ ਦੇ ਕਾਰਜਕਾਰੀ ਨਿਰਦੇਸ਼ਕ ਕਰਨਲ (ਸੇਵਾਮੁਕਤ) ਰਾਜ ਬਿਸ਼ਨੋਈ ਨੂੰ ਸਾਈ ਨੇ ਦਿੱਲੀ 'ਚ ਤਲਬ ਕੀਤਾ।

ਇਸ ਤੋਂ ਇਲਾਵਾ ਐੱਨਆਈਐੱਸ 'ਚ ਕੈਂਪ 'ਚ ਹਿੱਸਾ ਲੈ ਰਹੇ ਤਿੰਨ ਮੁੱਕੇਬਾਜ਼ਾਂ ਨੂੰ ਵੀ ਕੱਢ ਦਿੱਤਾ ਗਿਆ ਹੈ। ਬਿਸ਼ਨੋਈ ਦੀ ਜਗ੍ਹਾ ਸਾਈ ਕੇਂਦਰ ਸੋਨੀਪਤ ਦੀ ਇੰਚਾਰਜ ਲਲਿਤਾ ਸ਼ਰਮਾ ਨੂੰ ਜਾਂਚ ਪੂਰੀ ਹੋਣ ਤਕ ਐੱਨਆਈਐੱਸ ਦਾ ਕਾਰਜਭਾਰ ਸੌਂਪਿਆ ਗਿਆ ਹੈ।