ਬਿ੍ਸਬੇਨ (ਏਪੀ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਆਸਟ੍ਰੇਲੀਆ ਵਿਚ ਪ੍ਰਵੇਸ਼ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਦਾ ਵੀਜ਼ਾ ਬੁੱਧਵਾਰ ਦੇਰ ਰਾਤ ਮੈਲਬੌਰਨ ਪੁੱਜਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਆਸਟ੍ਰੇਲੀਆ ਸੀਮਾ ਬਲ ਨੇ ਵੀਰਵਾਰ ਨੂੰ ਕਿਹਾ ਕਿ ਜੋਕੋਵਿਕ ਪ੍ਰਵੇਸ਼ ਲਈ ਜ਼ਰੂਰੀ ਚੀਜ਼ਾਂ ਨੂੰ ਪੂਰਾ ਕਰਨ ਲਈ ਵਾਜਬ ਸਬੂਤ ਪ੍ਰਦਾਨ ਕਰਨ 'ਚ ਨਾਕਾਮ ਰਹੇ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ। ਮੈਡੀਕਲ ਛੋਟ ਮਿਲਣ ਤੋਂ ਬਾਅਦ ਹੀ ਜੋਕੋਵਿਕ ਮੈਲਬੌਰਨ ਲਈ ਰਵਾਨਾ ਹੋਏ ਸਨ। ਇੱਥੇ ਉਨ੍ਹਾਂ ਨੇ ਆਸਟ੍ਰੇਲੀਅਨ ਓਪਨ ਵਿਚ ਹਿੱਸਾ ਲੈਣਾ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਕਿਹਾ ਕਿ ਇਸ ਸਬੰਧੀ ਨਿਯਮ ਸਪੱਸ਼ਟ ਹਨ ਜਦਕਿ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਚਿਚ ਨੇ ਕਿਹਾ ਕਿ ਪੂਰਾ ਸਰਬੀਆ ਜੋਕੋਵਿਕ ਨਾਲ ਹੈ। ਜ਼ਿਕਰਯੋਗ ਹੈ ਕਿ ਜੋਕੋਵਿਕ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ ਜਾਂ ਨਹੀਂ ਇਸ ਦੀ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।