ਨਿਊਯਾਰਕ (ਰਾਇਟਰ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਇਕ ਵਾਰ ਮੁੜ ਪਹਿਲਾ ਸੈੱਟ ਹਾਰਨ ਤੋਂ ਬਾਅਦ ਦਮਦਾਰ ਵਾਪਸੀ ਕਰਦੇ ਹੋਏ ਸੈਮੀਫਾਈਨਲ 'ਚ ਥਾਂ ਬਣਾਈ। ਉਨ੍ਹਾਂ ਨੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਇਟਲੀ ਦੇ ਮੈਟੀਓ ਬੇਰੇਟੀਨੀ ਖ਼ਿਲਾਫ਼ ਚਾਰ ਸੈੱਟਾਂ ਤਕ ਚੱਲੇ ਮੁਕਾਬਲੇ 'ਚ 5-7, 6-2, 6-2, 6-3 ਨਾਲ ਜਿੱਤ ਦਰਜ ਕੀਤੀ। ਇਸ ਤਰ੍ਹਾਂ ਹੁਣ ਉਹ ਰਿਕਾਰਡ 21ਵੇਂ ਗਰੈਂਡ ਸਲੈਮ ਤੋਂ ਸਿਰਫ਼ ਦੋ ਕਦਮ ਦੂਰ ਰਹਿ ਗਏ ਹਨ। ਹੁਣ ਸੈਮੀਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਟੋਕੀਓ ਓਲੰਪਿਕ ਚੈਂਪੀਅਨ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ ਜਿਨ੍ਹਾਂ ਨੇ ਓਲੰਪਿਕ ਵਿਚ ਜੋਕੋਵਿਕ ਨੂੰ ਹਰਾ ਕੇ ਉਨ੍ਹਾਂ ਦੇ ਗੋਲਡਨ ਸਲੈਮ (ਇਕ ਕੈਲੰਡਰ ਸਾਲ ਦੇ ਚਾਰ ਗਰੈਂਡ ਸਲੈਮ ਤੇ ਉਸੇ ਸਾਲ ਓਲੰਪਿਕ ਗੋਲਡ ਮੈਡਲ) ਦਾ ਸੁਪਨਾ ਤੋੜ ਦਿੱਤਾ ਸੀ। ਜ਼ਵੇਰੇਵ ਨੇ ਕੁਆਰਟਰ ਫਾਈਨਲ ਵਿਚ ਗ਼ੈਰ ਦਰਜਾ ਲਾਇਡ ਹੈਰਿਸ ਨੂੰ 7-6, 6-3, 6-4 ਨਾਲ ਮਾਤ ਦਿੱਤੀ। ਜੋਕੋਵਿਕ ਜੇ ਯੂਐੱਸ ਓਪਨ ਖ਼ਿਤਾਬ ਜਿੱਤਦੇ ਹਨ ਤਾਂ ਡਾਨ ਬਜ (1983) ਤੇ ਰਾਡ ਲੇਵਰ (1962 ਤੇ 1969) ਤੋਂ ਬਾਅਦ ਇਕ ਸੈਸ਼ਨ ਦੇ ਸਾਰੇ ਚਾਰ ਗਰੈਂਡ ਸਲੈਮ ਹਾਸਲ ਕਰਨ ਵਾਲੇ ਤੀਜੇ ਖਿਡਾਰੀ ਬਣ ਜਾਣਗੇ। ਜੋਕੋਵਿਕ ਇਸ ਸਾਲ ਪਹਿਲਾਂ ਹੀ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਤੇ ਵਿੰਬਲਡਨ ਓਪਨ ਜਿੱਤ ਚੁੱਕੇ ਹਨ।