ਬੇਲਗ੍ਰੇਡ (ਏਪੀ) : ਵਿਸ਼ਵ ਵਿਚ ਸਿਖਰਲੀ ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਕ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕਰ ਕੇ ਸਰਬੀਆ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਜੋਕੋਵਿਕ ਨੇ ਮਿਓਮੀਰ ਕੇਕਮਾਨੋਵਿਕ ਨੂੰ 4-6, 6-3, 6-3 ਨਾਲ ਹਰਾਇਆ। ਇਹ ਉਨ੍ਹਾਂ ਦੀ ਹਮਵਤਨ ਸਰਬਿਆਈ ਖਿਡਾਰੀ ਖ਼ਿਲਾਫ਼ ਲਗਾਤਾਰ 10ਵੀਂ ਜਿੱਤ ਹੈ। ਸੈਮੀਫਾਈਨਲ ਵਿਚ ਜੋਕੋਵਿਕ ਤੀਜਾ ਦਰਜਾ ਹਾਸਲ ਕਾਰੇਨ ਖਾਚਨੋਵ ਨਾਲ ਭਿੜਨਗੇ ਜਿਨ੍ਹਾਂ ਨੇ ਬ੍ਰਾਜ਼ੀਲ ਦੇ ਕੁਆਲੀਫਾਇਰ ਥਿਆਗੋ ਮੋਂਟੇਇਰੋ ਨੂੰ 7-5, 6-4 ਨਾਲ ਮਾਤ ਦਿੱਤੀ। ਜੋਕੋਵਿਕ ਨੂੰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਹਮਵਤਨ ਲਾਸਲੋ ਜੇਰੇ 'ਤੇ 2-6, 7-6 (6), 7-6 (4) ਨਾਲ ਜਿੱਤ ਲਈ ਸੰਘਰਸ਼ ਕਰਨਾ ਪਿਆ ਸੀ। ਉਥੇ ਦੂਜਾ ਦਰਜਾ ਹਾਸਲ ਆਂਦਰੇ ਰੂਬਲੇਵ ਨੇ ਜਿਰੀ ਲਾਚੇਕਾ ਨੂੰ 4-6, 7-6 (1), 6-2 ਨਾਲ ਤੇ ਫੈਬੀਓ ਫੋਗਨੀਨੀ ਨੇ ਅਲਯਾਜ ਬੇਡੇਨ ਨੂੰ 6-2, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।