ਜੇਐੱਨਐੱਨ, ਨਵੀਂ ਦਿੱਲੀ : ਓਲੰਪਿਕ 'ਚ ਲਗਾਤਾਰ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਪੀਵੀ ਸੰਧੂ ਨੇ ਸੋਮਵਾਰ ਨੂੰ ਕਿਹਾ ਕਿ ਬੈਡਮਿੰਟਨ ਮਹਿਲਾ ਸਿੰਗਲ ਸੈਮੀਫਾਈਨਲ ਹਾਰਨ ਤੋਂ ਬਾਅਦ ਉਹ ਕੁਝ ਨਿਰਾਸ਼ ਸੀ ਪਰ ਕੋਚ ਪਾਰਕ ਤਾਈ ਸਾਂਗ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਅਜੇ ਸਭ ਕੁਝ ਖਤਮ ਨਹੀਂ ਹੋਇਆ ਹੈ ਤੇ ਚੌਥੇ ਸਥਾਨ 'ਤੇ ਰਹਿਣ ਤੋਂ ਬਿਹਤਰ ਹੈ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਦੇਸ਼ ਜਾਓ।

ਸਿੰਧੂ ਤੋਂ ਜਦੋਂ ਸੈਮੀਫਾਈਨਲ ਦੀ ਹਾਰ ਤੋਂ ਬਾਅਦ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਨਲਾਈਨ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸੈਮੀਫਾਈਨਲ ਹਾਰਨ ਤੋਂ ਬਾਅਦ ਉਹ ਨਿਰਾਸ਼ ਸਨ ਕਿਉਂਕਿ ਉਹ ਗੋਲਡ ਮੈਡਲ ਲਈ ਚੁਣੌਤੀ ਪੇਸ਼ ਕਰਨਾ ਚਾਹੁੰਦੀ ਸੀ। ਕੋਚ ਪਾਰਕ ਨੇ ਇਸ ਤੋਂ ਬਾਅਦ ਮੈਨੂੰ ਸਮਝਾਇਆ ਕਿ ਅਗਲੇ ਮੈਚ 'ਤੇ ਧਿਆਨ ਦਿਓ। ਕੋਚ ਨੇ ਮੈਨੂੰ ਪ੍ਰਰੇਰਿਤ ਕੀਤਾ ਤੇ ਮੈਂ ਆਪਣਾ ਸਾਰਾ ਧਿਆਨ ਕਾਂਸੇ ਦਾ ਮੈਡਲ ਜਿੱਤਣ 'ਤੇ ਲਾਇਆ।

ਮੈਚ ਜਿੱਤਣ ਤੋਂ ਬਾਅਦ 10 ਸੈਕਿੰਡ ਲਈ ਉਹ ਸਭ ਕੁਝ ਭੁੱਲ ਗਈ ਸੀ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਜਿੱਤ ਦਾ ਜਸ਼ਨ ਮਨਾਇਆ। ਸਿੰਧੂ ਨੇ ਜਦੋਂ ਰਿਓ ਓਲੰਪਿਕ ਤੋਂ ਟੋਕੀਓ ਓਲੰਪਿਕ ਵਿਚਕਾਰ ਦੇ ਪੰਜ ਸਾਲ ਦੇ ਸਫਰ ਬਾਰੇ ਪੁਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਫੀ ਉਤਾਰ ਚੜ੍ਹਾਅ ਵੇਖਣ ਨੂੰ ਮਿਲੇ। ਜਿੱਤ ਮਿਲੀ ਤਾਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਕਾਫੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪੂਰਾ ਖੇਡ ਹੀ ਬਦਲ ਗਿਆ ਹੈ। ਮੈਂ ਕੁਝ ਮੁਕਾਬਲੇ ਹਾਰੇ ਵੀ ਹਨ ਤੇ ਕੁਝ ਮੈਚਾਂ 'ਚ ਜਿੱਤ ਵੀ ਦਰਜ ਕੀਤੀ ਹੈ।

ਮੈਂ ਇਸ ਦੌਰਾਨ ਕਾਫੀ ਤਜਰਬਾ ਹਾਸਲ ਕੀਤਾ ਤੇ ਵਿਸ਼ਵ ਚੈਂਪੀਅਨ ਵੀ ਬਣੀ। ਪਿਛਲੇ ਇਕ ਸਾਲ ਤੋਂ ਕੋਵਿਡ ਕਾਰਨ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਕਾਫੀ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਕਾਫੀ ਟੂਰਨਾਮੈਂਟ ਰੱਦ ਹੋਏ ਹਨ ਪਰ ਇਸ ਦੌਰਾਨ ਮੈਨੂੰ ਆਪਣੀ ਖੇਡ 'ਤੇ ਕੰਮ ਕਰਨ ਦਾ ਮੌਕਾ ਮਿਲਿਆ। ਜਿਹੜਾ ਕਿ ਟੂਰਨਾਮੈਂਟ ਦੌਰਾਨ ਸੰਭਵ ਨਹੀਂ ਹੋ ਸਕਦਾ ਸੀ। ਇਸ ਦੌਰਾਨ ਕੋਚ ਪਾਰਕ ਨਾਲ ਰੋਜ਼ਾਨਾ ਪ੍ਰੈਕਟਿਸ ਕੀਤੀ।

ਸਿੰਧੂ ਨੇ ਜਦੋਂ ਹੈਦਰਾਬਾਦ ਦੇ ਗਚੀਬਾਊਲੀ ਸਟੇਡੀਅਮ ਨੂੰ ਛੱਡ ਕੇ ਲੰਡਨ 'ਚ ਸਿਖਲਾਈ ਲੈਣ ਦਾ ਫੈਸਲਾ ਕੀਤਾ ਤਾਂ ਕਾਫੀ ਵਿਵਾਦ ਹੋਇਆ ਸੀ ਤੇ ਭਾਰਤੀ ਖਿਡਾਰੀ ਨੇ ਕਿਹਾ ਸੀ ਕਿ ਜੇ ਤੁਹਾਨੂੰ ਵਧੀਆ ਥਾਂ ਸਿਖਲਾਈ ਲੈਣ ਦਾ ਮੌਕਾ ਮਿਲ ਰਿਹਾ ਹੈ ਤਾਂ ਇਸ 'ਚ ਕੋਈ ਵੀ ਮੁਸ਼ਕਲ ਨਹੀਂ ਹੈ। ਸਿੰਧੂ ਨੇ ਰਿਓ ਓਲੰਪਿਕ ਤੋਂ ਟੋਕੀਓ ਓਲੰਪਿਕ ਦੌਰਾਨ ਤਿੰਨ ਕੋਚਾਂ ਨਾਲ ਕੰਮ ਕੀਤਾ ਹੈ ਤੇ ਸਿੰਧੂ ਨੇ ਕਿਹਾ ਕਿ ਹਰੇਕ ਕੋਚ ਦੀ ਸਿਖਾਉਣ ਦਾ ਤਰੀਕਾ ਵੱਖ-ਵੱਖ ਹੈ। ਉਨ੍ਹਾਂ ਕਿਹਾ ਕਿ ਹਰੇਕ ਕੋਚ ਤੋਂ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ। ਪਾਰਕ ਦੇ ਕੋਚਿੰਗ ਕਰੀਅਰ ਦਾ ਇਹ ਪਹਿਲਾ ਮੈਡਲ ਹੈ। ਸਿੰਧੂ ਨੇ ਮੈਡਲ ਮਿਲਣ ਤੋਂ ਬਾਅਦ ਵਧਾਈਆਂ ਦੇਣ ਲਈ ਭਾਰਤੀ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਸਾਇਨਾ ਨੇਹਵਾਲ ਨੇ ਨਹੀਂ ਦਿੱਤੀ ਵਧਾਈ

ਜਦੋਂ ਸਿੰਧੂ ਕੋਲੋਂ ਇਹ ਪੁੱਛਿਆ ਗਿਆ ਕਿ ਜਿੱਤਣ ਤੋਂ ਬਾਅਦ ਗੋਪੀਚੰਦ ਤੇ ਸਾਇਨਾ ਨਾਲ ਗੱਲ ਹੋਈ ਤਾਂ ਸਿੰਧੂ ਨੇ ਕਿਹਾ ਕਿ ਬੇਸ਼ਕ ਗੋਪੀ ਸਰ ਨੇ ਮੈਨੂੰ ਵਧਾਈ ਦਿੱਤੀ। ਮੈਂ ਅਜੇ ਤਕ ਇੰਟਰਨੈੱਟ ਮੀਡੀਆ ਨਹੀਂ ਵੇਖਿਆ ਹੈ। ਮੈਂ ਹੋਲੀ-ਹੋਲੀ ਸਾਰਿਆਂ ਨੂੰ ਜਵਾਬ ਦੇ ਰਹੀ ਹਾਂ। ਗੋਪੀ ਸਰ ਨੇ ਮੈਨੂੰ ਸੰਦੇਸ਼ ਭੇਜਿਆ ਹੈ ਪਰ ਸਾਇਨਾ ਨੇ ਨਹੀਂ ਭੇਜਿਆ। ਅਸੀ ਜ਼ਿਆਦਾ ਗੱਲ ਨਹੀਂ ਕਰਦੇ। ਪਿਛਲੇ ਸਾਲ ਕੋਵਿਡ-19 ਦੌਰਾਨ ਸਿੰਧੂ ਸਿਖਲਾਈ ਲਈ ਤਿੰਨ ਮਹੀਨੇ ਲੰਡਨ ਗਈ ਸੀ ਜਿਸ ਤੋਂ ਬਾਅਦ ਉਸ ਦੇ ਤੇ ਗੋਪੀਚੰਦ ਵਿਚਕਾਰ ਮਤਭੇਦ ਦੀਆਂ ਖਬਰਾਂ ਆਈਆਂ ਸਨ। ਦੇਸ਼ ਵਾਪਸ ਪਰਤਣ ਤੋਂ ਬਾਅਦ ਵੀ ਸਿੰਧੂ ਨੇ ਗੋਪੀਚੰਦ ਅਕੈਡਮੀ ਦੀ ਥਾਂ ਪਾਰਕ ਤਾਈ ਸਾਂਗ ਦੀ ਅਗਵਾਈ ਹੇਠ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਸੀ।

ਸਿੰਧੂ ਵੱਲੋਂ ਉਤਸ਼ਾਹ ਵਧਾਉਣ 'ਤੇ ਮੇਰੇ ਹੰਝੂ ਹੀ ਨਿਕਲ ਆਏ : ਤਾਈ ਜੂ ਯਿੰਗ

ਵਿਸ਼ਵ ਦੀ ਨੰਬਰ ਇਕ ਬੈਡਮਿੰਟਨ ਖਿਡਾਰੀ ਤਾਈ ਜੂ ਯਿੰਗ ਨੇ ਮਹਿਲਾ ਸਿੰਗਲ ਫਾਈਨਲ 'ਚ ਹਾਰਨ ਤੋਂ ਬਾਅਦ ਦੱਸਿਆ ਕਿ ਸਿੰਧੂ ਨੇ ਉਸ ਦਾ ਹੌਂਸਲਾ ਵਧਾਇਆ ਸੀ ਜਿਸ ਨਾਲ ਉਸ ਦੇ ਹੰਝੂ ਹੀ ਨਿਕਲ ਆਏ। ਤਾਈ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਲਿਖਿਆ ਕਿ ਮੈਚ ਤੋਂ ਬਾਅਦ ਮੈਂ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਸੀ।

ਇਸ ਤੋਂ ਬਾਅਦ ਸਿੰਧੂ ਆਈ ਤੇ ਮੈਨੂੰ ਗਲੇ ਨਾਲ ਲਾ ਲਿਆ, ਉਸ ਨੇ ਮੈਨੂੰ ਕਿਹਾ ਕਿ ਤੁਸੀ ਬਹੁਤ ਵਧੀਆ ਖੇਡੇ ਪਰ ਅੱਜ ਤੁਹਾਡਾ ਦਿਨ ਨਹੀਂ ਸੀ। ਤਾਈ ਨੇ ਕਿਹਾ ਕਿ ਇਸ ਤਰ੍ਹਾਂ ਮੇਰਾ ਹੌਸਲਾ ਵਧਾਉਣ ਨਾਲ ਉਸ ਦੀਆਂ ਅੱਖਾਂ ਭਰ ਆਈਆਂ। ਤਾਈ ਨੇ ਕਿਹਾ ਕਿ ਮੈਂ ਅਸਲ 'ਚ ਕਾਫੀ ਦੁਖੀ ਸੀ ਕਿਉਂਕਿ ਮੈਂ ਸਖ਼ਤ ਮਿਹਨਤ ਕੀਤੀ ਸੀ। ਜ਼ਿਕਰਯੋਗ ਹੈ ਕਿ ਤਾਈ ਨੇ ਸ਼ਨਿਚਰਵਾਰ ਨੂੰ ਸਿੰਧੂ ਨੂੰ ਸੈਮੀਫਾਈਲ 'ਚ ਹਰਾਇਆ ਸੀ।

- ਦਬਾਅ ਮਹਿਸੂਸ ਕਰ ਰਿਹਾ ਸੀ : ਪਾਰਕ

ਭਾਰਤ ਦੇ ਵਿਦੇਸ਼ੀ ਕੋਚ ਪਾਰਕ ਤਾਈ ਸਾਂਗ ਨੇ ਕਿਹਾ ਕਿ ਸਿੰਧੂ ਨੂੰ ਟੋਕੀਓ ਓਲੰਪਿਕ ਲਈ ਅਚਾਨਕ ਟ੍ਰੇਨਿੰਗ ਦੀ ਜ਼ਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਉਹ ਥੋੜਾ ਦਬਾਅ ਮਹਿਸੂਸ ਕਰ ਰਹੇ ਸਨ। ਦੱਖਣੀ ਕੋਰੀਆ ਦੇ 42 ਸਾਲਾ ਪਾਰਕ ਨੂੰ ਸ਼ੁਰੂਆਤ 'ਚ ਪੁਰਸ਼ ਸਿੰਗਲਜ਼ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਚੁਣਿਆ ਗਿਆ ਸੀ ਪਰ ਕਿਮ ਜਿ ਹਿਊਨ ਦੇ ਵਿਸ਼ਵ ਚੈਂਪੀਅਨ 2019 ਦੇ ਅਚਾਨਕ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੇ ਸਿੰਧੂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਏਥੇਂਸ ਓਲੰਪਿਕ 2004 'ਚ ਖਿਡਾਰੀ ਦੇ ਰੂਪ 'ਚ ਹਿੱਸਾ ਲੈਣ ਵਾਲੇ ਪਾਰਕ ਨੇ ਕੋਰੀਆ ਦੇ ਰਾਸ਼ਟਰੀ ਕੋਚ ਦੀ ਜਿੰਮੇਵਾਰੀ ਸੰਭਾਲੀ ਸੀ।

ਦੋਵਾਂ ਸਦਨਾਂ ਤੋਂ ਸਿੰਧੂ ਤੇ ਮਹਿਲਾ ਹਾਕੀ ਟੀਮ ਨੂੰ ਮਿਲੀ ਵਧਾਈ

ਟੋਕੀਓ ਓਲੰਪਿਕ 'ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਤੇ ਸੈਮੀਫਾਈਨਲ 'ਚ ਪੁੱਜਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਉਸ ਉਪਲੱਭਦੀ 'ਤੇ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਵਧਾਈ ਦਿੱਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਦੇ ਮੈਂਬਰਾਂ ਵੱਲੋਂ ਸਿੰਧੂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਇਤਿਹਾਸਿਕ ਜਿੱਤ ਲਈ ਸਦਨ ਵੱਲੋਂ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ, ਮੈਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਪ੍ਰਰੇਰਣਾ ਮਿਲੇਗੀ। ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਪੀਕਰ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਮੈਂ ਸਿੰਧੂ ਨੂੰ ਮੈਡਲ ਜਿੱਤਣ ਲਈ ਵਧਾਈ ਦਿੰਦਾ ਹਾਂ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੇ ਦੋ ਓਲੰਪਿਕ 'ਚ ਮੈਡਲ ਜਿੱਤਣ ਵਾਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਬਣਾਇਆ ਹੈ।