ਨਵੀਂ ਦਿੱਲੀ (ਪੀਟੀਆਈ) : ਹਾਕੀ ਇੰਡੀਆ ਦੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਦਾ ਸਾਹਮਣਾ ਇਕ ਅਕਤੂਬਰ ਨੂੰ ਹੋਣ ਵਾਲੀਆਂ ਰਾਸ਼ਟਰੀ ਮਹਾਸੰਘ ਦੀਆਂ ਚੋਣਾਂ ਵਿਚ ਉੱਤਰ ਪ੍ਰਦੇਸ਼ ਹਾਕੀ ਮੁਖੀ ਰਾਕੇਸ਼ ਕਾਤਿਆਲ ਤੇ ਹਾਕੀ ਝਾਰਖੰਡ ਦੇ ਭੋਲਾ ਨਾਲ ਸਿੰਘ ਨਾਲ ਹੋਵੇਗਾ।

ਇਸ ਵਿਚ ਹਾਲਾਂਕਿ ਇਕ ਦਿਲਚਸਪ ਮੋੜ ਵੀ ਹੈ ਕਿਉਂਕਿ ਉੱਤਰ ਪ੍ਰਦੇਸ਼ ਹਾਕੀ ਜਨਰਲ ਸਕੱਤਰ ਆਰਪੀ ਸਿੰਘ ਨੇ ਕਾਤਿਆਲ ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣ ਤੇ ਚੋਣ ਲੜਨ ਦੀ ਥਾਂ ਟਿਰਕੀ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ। ਸਿੰਘ ਨੇ ਕਾਤਿਆਲ ਨੂੰ ਪੱਤਰ ਵਿਚ ਲਿਖਿਆ ਕਿ ਅਸੀਂ ਇਹ ਜਾਣ ਕੇ ਖ਼ੁਸ਼ ਹਾਂ ਕਿ ਇਕ ਸਾਬਕਾ ਖਿਡਾਰੀ ਜਿਵੇਂ ਦਿਲੀਪ ਟਿਰਕੀ ਨੇ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਭਰੀ ਹੈ। ਰਾਕੇਸ਼ ਨੂੰ ਆਪਣੀ ਨਾਮਜ਼ਦਗੀ ਵਾਪਸੀ ਲੈਣ ਦੀ ਬੇਨਤੀ ਕਰਾਂਗਾ। ਮੈਨੂੰ ਯਕੀਨ ਹੈ ਕਿ ਰਾਕੇਸ਼ ਹਾਕੀ ਦੇ ਵਿਕਾਸ ਬਾਰੇ ਸੋਚਣਗੇ ਤੇ ਆਪਣੀ ਨਾਮਜ਼ਦਗੀ ਵਾਪਸ ਲੈ ਲੈਣਗੇ। ਸਾਡਾ ਮੰਨਣਾ ਹੈ ਕਿ ਦਿਲੀਪ ਹਾਕੀ ਦੇ ਵਿਕਾਸ ਲਈ ਸਹੀ ਕਦਮ ਉਠਾਉਣਗੇ ਤੇ ਅਸੀਂ ਉਨ੍ਹਾਂ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹਾਂ। ਕਾਤਿਆਲ ਨੇ ਹਾਲਾਂਕਿ ਕਿਹਾ ਕਿ ਅਜੇ ਉਨ੍ਹਾਂ ਨੇ ਫ਼ੈਸਲਾ ਨਹੀਂ ਕੀਤਾ ਕਿ ਉਨ੍ਹਾਂ ਨੇ ਚੋਣ ਲੜਨੀ ਹੈ ਜਾਂ ਨਹੀਂ।

Posted By: Gurinder Singh