ਜੇਐੱਨਐੱਨ, ਨਵੀਂ ਦਿੱਲੀ : ਤਜਰਬੇਕਾਰ ਬੱਲੇਬਾਜ਼ ਸੁਰੇਸ਼ ਰੈਣਾ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਹੁਣ ਤਕ ਦੇ ਭਾਰਤ ਦੇ ਸਰਬੋਤਮ ਕਪਤਾਨ ਹਨ। ਰੈਣਾ ਤੇ ਧੋਨੀ ਆਈਪੀਐੱਲ 'ਚ ਇਕ ਹੀ ਫ੍ਰੈਂਚਾਇਜ਼ੀ ਚੇਨਈ ਸੁਪਰਕਿੰਗਸ ਲਈ ਖੇਡਦੇ ਹਨ। ਧੋਨੀ ਇਸ ਟੀਮ ਦੇ ਕਪਤਾਨ ਵੀ ਹਨ।

'ਦਿ ਸੁਪਰ ਕਿੰਗਸ ਸ਼ੋਅ' ਦੌਰਾਨ ਰੈਣਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਸਰਬੋਤਮ ਕਪਤਾਨ ਸੀ ਜਿਸ ਨੇ ਭਾਰਤੀ ਟੀਮ ਨੂੰ ਬਦਲ ਕੇ ਰੱਖ ਦਿੱਤਾ। ਹੁਣ ਇਹੀ ਸਾਡੇ ਡ੍ਰੈਸਿੰਗ ਰੂਮ 'ਚ ਵੀ ਹੈ।' ਧੋਨੀ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਚੁੱਕੇ ਹਨ ਪਰ ਇਸ 38 ਸਾਲਾ ਵਿਕਟਕੀਪਰ ਬੱਲੇਬਾਜ਼ ਦੀ ਸੀਮਤ ਓਵਰਾਂ ਦੇ ਫਾਰਮੇਟ 'ਚ ਭਵਿੱਖ ਬਾਰੇ ਅਟਕਲਾਂ ਦਾ ਦੌਰ ਜਾਰੀ ਹੈ। ਦੋ ਵਾਰ ਵਿਸ਼ਵ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਰਹੇ ਧੋਨੀ ਇੰਗਲੈਂਡ 'ਚ 2019 ਵਿਸ਼ਵ ਕੱਪ ਤੋਂ ਭਾਰਤ ਦੇ ਬਾਹਰ ਹੋਣ ਤੋਂ ਬਾਅਦ ਬ੍ਰੇਕ 'ਤੇ ਹਨ। ਧੋਨੀ ਦੇ 23 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐੱਲ 'ਚ ਵਾਪਸੀ ਕਰਨ ਦੀ ਉਮੀਦ ਹੈ ਜਿੱਥੇ ਉਹ ਸੀਐੱਸਕੇ ਦੀ ਕਪਤਾਨੀ ਦਾ ਜ਼ਿੰਮਾ ਸੰਭਾਲਣਗੇ। ਸੀਐੱਸਕੇ ਦੀਆਂ ਤਿਆਰੀਆਂ ਬਾਰੇ ਉਨ੍ਹਾਂ ਕਿਹਾ, 'ਇਸ ਸਾਲ ਸਾਡੀ ਟੀਮ 'ਚ ਪੀਯੂਸ਼ (ਚਾਵਲਾ) ਹੈ। ਸਾਡੇ ਕੋਲ ਜੋਸ਼ ਹੇਜ਼ਲਵੁੱਡ, ਸੈਮ ਕੁਰਰਨ ਤੇ ਤਾਮਿਲਨਾਡੂ ਦੇ ਸਾਈ ਕਿਸ਼ੋਰ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਨੌਜਵਾਨਾਂ ਤੇ ਸੀਨੀਅਰ ਖਿਡਾਰੀਆਂ ਦਾ ਚੰਗਾ ਮੇਲ ਹੈ।'

ਆਰਸੀਬੀ ਦੇ ਰਵੱਈਏ ਤੋਂ ਵਿਰਾਟ ਵੀ ਹੈਰਾਨ

ਨਵੀਂ ਦਿੱਲੀ : ਆਈਪੀਐੱਲ 'ਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਸੋਸ਼ਲ ਮੀਡੀਆ 'ਤੇ ਨਵੇਂ ਰੂਪ 'ਚ ਆਉਣ ਦੀ ਤਿਆਰੀ ਕਰ ਰਹੀ ਹੈ। ਆਪਣੇ ਨਵੇਂ ਸਵਰੂਪ 'ਚ ਆਉਣ ਤੋਂ ਪਹਿਲਾਂ ਇਸ ਫ੍ਰੈਂਚਾਇਜ਼ੀ ਨੇ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਤੇ ਯੂ-ਟਿਊਬ ਪ੍ਰੋਫਾਈਲ ਤੋਂ ਆਪਣੀ ਤਸਵੀਰ ਗਾਇਬ ਕਰ ਲਈ ਹੈ ਤੇ ਟਵਿਟਰ 'ਤੇ ਆਪਣਾ ਨਾਂ ਵੀ ਬਦਲ ਦਿੱਤਾ ਹੈ। ਮਜ਼ੇਦਾਰ ਗੱਲ ਇਹ ਕਿ ਹੁਣ ਆਪਣੇ ਨਵੇਂ ਨਾਮ ਤੇ ਨਵੀਂ ਤਸਵੀਰ ਬਾਰੇ ਫ੍ਰੈਂਚਾਇਜ਼ੀ ਕੀ ਕਰਨ ਜਾ ਰਹੀ ਹੈ, ਇਸ ਦੀ ਜਾਣਕਾਰੀ ਨਾ ਤਾਂ ਕਪਤਾਨ ਵਿਰਾਟ ਕੋਹਲੀ ਨੂੰ ਹੈ ਤੇ ਨਾ ਹੀ ਟੀਮ ਦੇ ਕਿਸੇ ਖਿਡਾਰੀ ਨੂੰ। ਹਾਲੇ ਤਕ ਵਿਰਾਟ ਕੋਹਲੀ ਸਮੇਤ ਯੁਜਵਿੰਦਰ ਸਿੰਘ ਚਹਿਲ ਤੇ ਏਬੀ ਡਿਵੀਲੀਅਰਸ ਨੇ ਆਰਸੀਬੀ ਨੂੰ ਟਵੀਟ ਕਰ ਕੇ ਇਹ ਹੈਰਾਨੀ ਪ੍ਰਗਟਾਈ ਹੈ ਕਿ ਆਖਿਰ ਮਾਮਲਾ ਕੀ ਹੈ। ਵਿਰਾਟ ਨੇ ਤਾਂ ਟਵੀਟ ਕਰ ਕੇ ਆਰਸੀਬੀ ਨੂੰ ਆਪਣੀ ਮਦਦ ਦੀ ਵੀ ਪੇਸ਼ਕਸ਼ ਕੀਤੀ ਹੈ। ਵਿਰਾਟ ਕੋਹਲੀ ਨੇ ਆਪਣੀ ਆਈਪੀਐੱਲ ਟੀਮ ਦੇ ਟਵਿਟਰ ਅਕਾਊਂਟ ਤੋਂ ਗਾਇਬ ਤਸਵੀਰ 'ਤੇ ਟਵੀਟ ਕਰਦੇ ਹੋਏ ਪੁੱਛਿਆ ਕਿ ਪੋਸਟ ਹਟਾ ਲਈ ਗਈ ਹੈ ਤੇ ਕਪਤਾਨ ਨੂੰ ਦੱਸਿਆ ਵੀ ਨਹੀਂ ਗਿਆ। ਆਰਸੀਬੀ ਨੂੰ ਜੇ ਕੋਈ ਮਦਦ ਚਾਹੀਦੀ ਹੈ ਤਾਂ ਮੈਨੂੰ ਦੱਸੋ। ਵਿਰਾਟ ਨੇ ਇਸ ਟਵੀਟ ਨਾਲ ਹੈਰਾਨੀ ਵਾਲੀ ਇਮੋਜੀ ਵੀ ਲਗਾਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਹਿਲ ਨੇ ਟਵੀਟ ਕਰ ਕੇ ਇਸ ਬਾਰੇ ਸਵਾਲ ਕੀਤਾ ਸੀ। ਡਿਵੀਲੀਅਰਸ ਨੇ ਵੀ ਬੁੱਧਵਾਰ ਰਾਤ ਨੂੰ ਟਵੀਟ ਕਰ ਕੇ ਸਵਾਲ ਕੀਤਾ ਸੀ ਕਿ ਆਰਸੀਬੀ ਸਾਡੇ ਸੋਸ਼ਲ ਮੀਡੀਆ ਅਕਾਊਂਟ ਨੂੰ ਆਖਿਰ ਹੋਇਆ ਕੀ? ਉਮੀਦ ਕਰਦਾ ਹਾਂ ਕਿ ਇਹ ਸਿਰਫ ਨੀਤੀ ਤਹਿਤ ਰੁਕਾਵਟ ਹੋਵੇਗੀ।

ਸੜਕ ਸੁਰੱਖਿਆ ਵਿਸ਼ਵ ਸੀਰੀਜ਼ 'ਚ ਸਚਿਨ ਦੇ ਸਾਹਮਣੇ ਹੋਣਗੇ ਲਾਰਾ

ਮੁੰਬਈ : ਵਿਸ਼ਵ ਕ੍ਰਿਕਟ ਦੇ ਮਹਾਨ ਦਿੱਗਜ਼ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਇਕ ਨੇਕ ਕੰਮ ਲਈ ਇਕ ਵਾਰ ਮੁੜ ਤੋਂ ਇਕ-ਦੂਜੇ ਦੇ ਖ਼ਿਲਾਫ਼ ਖੇਡਦੇ ਨਜ਼ਰ ਆਉਣਗੇ। ਇਹ ਦੋਵੇਂ ਚੈਂਪੀਅਨ ਖਿਡਾਰੀ ਟੀ-20 ਟੂਰਨਾਮੈਂਟ ਸੜਕ ਸੁਰੱਖਿਆ ਵਿਸ਼ਵ ਸੀਰੀਜ਼ ਤੋਂ ਪਹਿਲਾਂ ਮੈਚ 'ਚ ਆਮਹੋ-ਸਾਹਮਣੇ ਹੋਣਗੇ। ਇਹ ਮੈਚ 7 ਮਾਰਚ ਨੂੰ ਵਾਨਖੇੜੇ ਸਟੇਡੀਅਮ 'ਚ ਇੰਡੀਆ ਲੈਜੈਂਡਸ ਤੇ ਵੈਸਟਇੰਡੀਜ਼ ਲੈਜੈਂਡਸ ਵਿਚਾਲੇ ਖੇਡਿਆ ਜਾਵੇਗਾ। ਵੀਰਵਾਰ ਨੂੰ ਜਾਰੀ ਸੀਰੀਜ਼ ਦੇ ਪ੍ਰੋਗਰਾਮ ਮੁਤਾਬਕ ਟੂਰਨਾਮੈਂਟ 'ਚ ਕੁੱਲ 11 ਮੈਚ ਖੇਡੇ ਜਾਣਗੇ। ਇਸ ਸੀਰੀਜ਼ 'ਚ ਭਾਰਤ, ਆਸਟ੍ਰੇਲੀਆ, ਸ੍ਰੀਲੰਕਾ, ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ਦੇ ਕੁਝ ਵੱਡੇ ਕ੍ਰਿਕਟਰ ਹਿੱਸਾ ਲੈਣਗੇ, ਜਿਸ 'ਚ ਤੇਂਦੁਲਕਰ, ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖ਼ਾਨ, ਬ੍ਰਾਇਨ ਲਾਰਾ, ਸ਼ਿਵਨਾਰਾਇਣ ਚੰਦਰਪਾਲ, ਬ੍ਰੈਟ ਲੀ, ਬ੍ਰੈਟ ਹੌਜ, ਜੌਂਟੀ ਰੋਡਸ, ਮੁਥੈਈਆ ਮੁਰਲੀਧਰਨ, ਤਿਲਕਰਤਨੇ ਦਿਲਸ਼ਾਨ ਤੇ ਅਜੰਤਾ ਮੈਂਡਿਸ ਸ਼ਾਮਲ ਹਨ। ਪ੍ਰਬੰਧਕਾਂ ਮੁਤਾਬਕ ਇਸ ਸੀਰੀਜ਼ ਦਾ ਟੀਚਾ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਸੀਰੀਜ਼ ਦੇ ਦੋ ਮੈਚ ਵਾਨਖੇੜੇ ਸਟੇਡੀਅਮ, ਚਾਰ ਮੈਚ ਪੁਣੇ 'ਚ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਤੇ ਚਾਰ ਮੈਚ ਨਵੀਂ ਮੁੰਬਈ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਜਾਣਗੇ। ਫਾਈਨਲ 22 ਮਾਰਚ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਹੋਵੇਗਾ।