ਟੋਕੀਓ (ਪੀਟੀਆਈ) : ਭਾਰਤ ਦੇ ਦੇਵੇਂਦਰ ਝਾਝਰੀਆ ਤੇ ਸੁੰਦਰ ਸਿੰਘ ਗੁਰਜਰ ਨੇ ਟੋਕੀਓ ਪੈਰਾਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਲਾ ਸੁੱਟਣ ਦੇ ਐੱਫ-46 ਵਰਗ 'ਚ ਕ੍ਰਮਵਾਰ ਸਿਲਵਰ ਤੇ ਕਾਂਸੇ ਮੈਡਲ ਆਪਣੇ ਨਾਂ ਕੀਤਾ। ਦੇਵੇਂਦਰ ਤੇ ਸੁੰਦਰ ਦੇ ਮੈਡਲ ਜਿੱਤਣ ਦੇ ਨਾਲ ਹੀ ਭਾਰਤ ਨੇ ਇਸ ਪੈਰਾਲੰਪਿਕ 'ਚ ਹੁਣ ਤਕ ਸੱਤ ਮੈਡਲ ਜਿੱਤ ਲਏ ਹਨ। ਦੋ ਵਾਰ ਪੈਰਾਲੰਪਿਕ 'ਚ ਗੋਲਡ ਮੈਡਲ ਜੇਤੂ ਦੇਵੇਂਦਰ ਨੇ 64.35 ਮੀਟਰ ਨਾਲ ਦੂਸਰਾ ਸਥਾਨ ਹਾਸਲ ਕੀਤਾ। ਦੇਵੇਂਦਰ ਦਾ ਇਹ ਸਕੋਰ ਉਨ੍ਹਾਂ ਦਾ ਨਿੱਜੀ ਬੈਸਟ ਸਕੋਰ ਹੈ। ਦੇਵੇਂਦਰ ਤੋਂ ਇਲਾਵਾ ਸੁੰਦਰ ਨੇ ਆਪਣੇ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ 64.01 ਦਾ ਸਕੋਰ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸ ਈਵੈਂਟ ਨਾਲ ਭਾਰਤ ਨੇ ਦੋ ਮੈਡਲ ਆਪਣੇ ਨਾਂ ਕੀਤੇ। ਸ੍ਰੀਲੰਕਾ ਦੇ ਹੇਰਾਥ ਮੁਦੀਯਾਨਸੈਲਜੇ ਨੇ ਵਿਸ਼ਵ ਰਿਕਾਰਡ ਬਣਾਉਂਦੇ ਹੋਏ 67.79 ਦਾ ਥ੍ਰੋ ਕਰ ਕੇ ਗੋਲਡ ਮੈਡਲ ਜਿੱਤਿਆ।