ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀਐੱਫਆਈ) ਨੇ ਰਾਸ਼ਟਰ ਮੰਡਲ ਖੇਡਾਂ ਦੇ ਮੈਡਲ ਜੇਤੂ ਐੱਮ ਸੁਰੰਜਟ ਸਿੰਘ ਤੇ ਐੱਲ ਦੇਵੇਂਦ੍ਰੋ ਸਿੰਘ ਨੂੰ ਕੋਚ ਦੇ ਰੂਪ 'ਚ ਇਸ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਪੁਰਸ਼ਾਂ ਦੀ ਕੋਚਿੰਗ ਟੀਮ 'ਚ ਸ਼ਾਮਲ ਕੀਤਾ ਹੈ। ਪਟਿਆਲਾ 'ਚ ਇਸ ਹਫ਼ਤੇ ਸ਼ੁਰੂ ਹੋ ਰਹੇ ਕੌਮੀ ਕੈਂਪ ਲਈ ਜਿਨ੍ਹਾਂ 14 ਕੋਚਾਂ ਨੂੰ ਚੁਣਿਆ ਗਿਆ ਹੈ, ਉਨ੍ਹਾਂ 'ਚ 29 ਸਾਲਾ ਦੇਵੇਂਦ੍ਰੋ ਤੇ 35 ਸਾਲਾ ਸੁਰੰਜਯ ਵੀ ਸ਼ਾਮਲ ਹਨ।

ਵਿਸ਼ਵ ਚੈਂਪੀਅਨਸ਼ਿਪ ਸਰਬੀਆ ਦੇ ਬੇਲਗ੍ਰੇਡ 'ਚ 24 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸ 'ਚ ਸੌ ਤੋਂ ਵੱਧ ਦੇਸ਼ਾਂ ਦੇ ਲਗਪਗ 600 ਮੁੱਕੇਬਾਜ਼ ਹਿੱਸਾ ਲੈਣਗੇ। ਕੋਚਿੰਗ ਸਟਾਫ ਦੇ ਹੋਰ ਮੁੱਖ ਨਾਂ ਹਨ ਮੁੱਖ ਕੋਚ ਨਰੇਂਦਰ ਰਾਣਾ, ਸਾਬਕਾ ਜੂਨੀਅਰ ਕੋਚ ਐੱਮਐੱਸ ਢਾਕਾ, ਧਰਮੇਂਦਰ ਯਾਦਵ ਤੇ ਸਾਬਕਾ ਮੁੱਕੇਬਾਜ਼ ਦਿਵਾਕਰ ਪ੍ਰਸਾਦ ਤੇ ਤੋਰਾਕ ਖਾਰਪਾਨ।