ਬੋਗੋਟਾ (ਪੀਟੀਆਈ) : ਸਟਾਰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਗੁੱਟ ਵਿਚ ਦਰਦ ਦੇ ਬਾਵਜੂਦ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਕੁੱਲ 200 ਕਿੱਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੀ। ਇਸ ਦੌਰਾਨ ਉਨ੍ਹਾਂ ਨੇ ਟੋਕੀਓ ਓਲੰਪਿਕ ਚੈਂਪੀਅਨ ਚੀਨ ਦੀ ਹੋਊ ਝੀਹੁਆ ਨੂੰ ਵੀ ਪਛਾੜਿਆ।

ਟੋਕੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਚਾਨੂ ਨੇ 49 ਕਿੱਲੋਗ੍ਰਾਮ ਭਾਰ ਵਰਗ ਵਿਚ ਮੁਕਾਬਲਾ ਪੇਸ਼ ਕਰਦੇ ਹੋਏ ਸਨੈਚ ਵਿਚ 87 ਕਿੱਲੋਗ੍ਰਾਮ, ਜਦਕਿ ਕਲੀਨ ਅਤੇ ਜਰਕ ਵਿਚ 113 ਕਿੱਲੋਗ੍ਰਾਮ ਭਾਰ ਚੁੱਕਿਆ। ਚੀਨ ਦੀ ਜਿਆਂਗ ਹੁਈਹੁਆ ਨੇ ਕੁੱਲ 206 ਕਿੱਲੋਗ੍ਰਾਮ ਭਾਰ ਚੁੱਕ ਗੋਲਡ ਮੈਡਲ ਆਪਣੇ ਨਾਂ ਕੀਤਾ। ਉਨ੍ਹਾਂ ਨੇ ਸਨੈਚ ਵਿਚ 93 ਜਦਕਿ ਕਲੀਨ ਅਤੇ ਜਰਕ ਵਿਚ 113 ਕਿੱਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਦੀ ਹਮਵਤਨ ਝੀਹੁਆ ਨੇ ਕੁੱਲ 198 ਕਿੱਲੋਗ੍ਰਾਮ (89 ਤੇ 109 ਕਿੱਲੋਗ੍ਰਾਮ) ਭਾਰ ਚੁੱਕ ਕੇ ਕਾਂਸੇ ਦਾ ਮੈਡਲ ਜਿੱਤਿਆ। ਸਾਲ 2017 ਵਿਚ ਗੋਲਡ ਮੈਡਲ ਜਿੱਤਣ ਵਾਲੀ ਮਨੀਪੁਰ ਦੀ ਵੇਟਲਿਫਟਰ ਦਾ ਚੈਂਪੀਅਨਸ਼ਿਪ ਵਿਚ ਇਹ ਦੂਜਾ ਮੈਡਲ ਹੈ।

ਚਾਨੂ ਨੇ ਮੈਡਲ ਜਿੱਤਣ ਤੋਂ ਬਾਅਦ ਕਿਹਾ ਕਿ ਪੰਜ ਸਾਲ ਬਾਅਦ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਹੋਰ ਮੈਡਲ ਜਿੱਤ ਕੇ ਵਾਪਸ ਦੇਸ਼ ਮੁੜਨਾ ਮੇਰੇ ਲਈ ਭਾਵਨਾਤਮਕ ਰੂਪ ਨਾਲ ਮਾਣ ਵਾਲਾ ਸਮਾਂ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਹਮੇਸ਼ਾ ਸਖ਼ਤ ਮੁਕਾਬਲਾ ਹੁੰਦਾ ਹੈ ਕਿਉਂਕਿ ਸਰਬੋਤਮ ਓਲੰਪੀਅਨ ਸਿਖਰਲ ਪੱਧਰ 'ਤੇ ਚੁਣੌਤੀ ਪੇਸ਼ ਕਰਦੇ ਹਨ। ਮੇਰੇ ਗੁੱਟ ਵਿਚ ਦਰਦ ਸੀ ਪਰ ਮੈਂ ਹਮੇਸ਼ਾ ਦੇਸ਼ ਲਈ ਪੂਰੀ ਜਾਨ ਲਾਉਣ ਲਈ ਤਿਆਰ ਰਹਿੰਦੀ ਹਾਂ। ਉਮੀਦ ਕਰਦੀ ਹਾਂ ਕਿ ਮੈਂ ਏਸ਼ਿਆਈ ਖੇਡਾਂ ਤੇ ਪੈਰਿਸ ਓਲੰਪਿਕ ਵਿਚ ਗੋਲਡ ਮੈਡਲ ਦੇ ਨਾਲ ਭਾਰਤ ਨੂੰ ਅਜਿਹੇ ਪਲ਼ ਦੇਵਾਂਗੀ। ਚਾਨੂ ਦੇ ਗੁੱਟ ਵਿਚ ਸਤੰਬਰ ਵਿਚ ਟ੍ਰੇਨਿੰਗ ਸੈਸ਼ਨ ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਨੇ ਸੱਟ ਦੇ ਬਾਵਜੂਦ ਅਕਤੂਬਰ ਵਿਚ ਰਾਸ਼ਟਰੀ ਖੇਡਾਂ ਵਿਚ ਹਿੱਸਾ ਲਿਆ ਸੀ।

ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ ਤੋਂ ਬਾਅਦ ਪਹਿਲੇ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਚਾਨੂ ਨੇ ਸਨੈਚ ਵਿਚ 84 ਕਿੱਲੋਗ੍ਰਾਮ ਭਾਰ ਚੁੱਕ ਕੇ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੂਜੀ ਕੋਸ਼ਿਸ਼ ਵਿਚ 87 ਕਿੱਲੋਗ੍ਰਾਮ ਭਾਰ ਚੁੱਕਿਆ ਪਰ ਉਹ ਗ਼ਲਤ ਮੰਨਿਆ ਗਿਆ। ਉਨ੍ਹਾਂ ਨੇ ਆਪਣੀ ਤੀਜੀ ਕੋਸ਼ਿਸ਼ ਵਿਚ ਕਾਮਯਾਬੀ ਨਾਲ 87 ਕਿੱਲੋਗ੍ਰਾਮ ਭਾਰ ਚੁੱਕਿਆ। ਸਨੈਚ ਤੋਂ ਬਾਅਦ ਪੰਜਵੇਂ ਸਥਾਨ 'ਤੇ ਚੱਲ ਰਹੀ ਚਾਨੂ ਨੇ ਕਲੀਨ ਅਤੇ ਜਰਕ ਵਿਚ ਪਹਿਲੀ ਕੋਸ਼ਿਸ਼ ਵਿਚ 111 ਕਿੱਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਸਾਰੇ ਮੁਕਾਬਲਿਆਂ ਵਿਚਾਲੇ ਸਭ ਤੋਂ ਵੱਧ ਵਜ਼ਨ ਸੀ। ਚਾਨੂ ਦੀ ਪਹਿਲੀ ਕੋਸ਼ਿਸ਼ ਨੂੰ ਨੋ ਲਿਫਟ ਕਿਹਾ ਗਿਆ ਜਿਸ ਨੂੰ ਭਾਰਤ ਨੇ ਚੁਣੌਤੀ ਦਿੱਤੀ ਪਰ ਜੱਜਾਂ ਨੇ ਇਸ ਫ਼ੈਸਲੇ ਨੂੰ ਕਾਇਮ ਰੱਖਿਆ। ਚਾਨੂ ਨੇ ਆਪਣੀਆਂ ਅਗਲੀਆਂ ਦੋ ਕੋਸ਼ਿਸ਼ਾਂ ਵਿਚ 111 ਤੇ 113 ਕਿੱਲੋਗ੍ਰਾਮ ਭਾਰ ਚੁੱਕਿਆ।