ਨਵੀਂ ਦਿੱਲੀ (ਜੇਐੱਨਐੱਨ) : ਰਾਜਧਾਨੀ ਵਿਚ ਮਈ ਵਿਚ ਦੋ ਹਿੱਸਿਆਂ ਵਿਚ ਹੋਣ ਵਾਲਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੋਮਵਾਰ ਨੂੰ ਰੱਦ ਕਰ ਦਿੱਤਾ ਗਿਆ। ਇਹ ਵਿਸ਼ਵ ਕੱਪ 15 ਤੋਂ 26 ਮਾਰਚ ਵਿਚਾਲੇ ਹੋਣਾ ਸੀ ਜਿਸ ਨੂੰ ਮਈ ਤਕ ਲਈ ਮੁਲਤਵੀ ਕੀਤਾ ਗਿਆ ਸੀ। ਅੰਤਰਰਾਸ਼ਟਰੀ ਖੇਡ ਮਹਾਸੰਘ (ਆਈਐੱਸਐੱਸਐੱਫ) ਨੇ ਕਿਹਾ ਕਿ ਕੋਰੋਨਾ ਕਾਰਨ ਨਵੀਂ ਦਿੱਲੀ ਵਿਸ਼ਵ ਕੱਪ ਪ੍ਰਬੰਧਕੀ ਕਮੇਟੀ ਨੂੰ ਰਾਈਫਲ-ਪਿਸਟਲ ਤੇ ਸ਼ਾਟਗਨ ਵਿਸ਼ਵ ਕੱਪ ਰੱਦ ਕਰਨਾ ਪਿਆ। ਇਹ ਦੋਵਂ ਟੂਰਨਾਮੈਂਟ ਦਿੱਲੀ ਵਿਚ ਹੋਣੇ ਸਨ। ਪਹਿਲਾਂ ਇਹ ਤੈਅ ਕੀਤਾ ਗਿਆ ਸੀ ਕਿ ਰਾਈਫਲ ਤੇ ਪਿਸਟਲ ਵਿਸ਼ਵ ਕੱਪ ਪੰਜ ਤੋਂ 12 ਮਈ ਤਕ ਤੇ ਸ਼ਾਟਗਨ ਟੂਰਨਾਮੈਂਟ ਦੋ ਤੋਂ ਨੌਂ ਜੂਨ ਤਕ ਹੋਵੇਗਾ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਈਐੱਸਐੱਸਐੱਫ ਨੇ ਦੋਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਆਈਐੱਸਐੱਸਐੱਫ ਨੇ ਬਾਕੂ ਵਿਚ 22 ਜੂੁਨ ਤੋਂ ਤਿੰਨ ਜੁਲਾਈ ਤਕ ਹੋਣ ਵਾਲਾ ਸੰਯੁਕਤ ਵਿਸ਼ਵ ਕੱਪ ਵੀ ਰੱਦ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਜੂਨ ਵਿਚ ਮਿਊਨਿਖ ਵਿਚ ਹੋਣ ਵਾਲਾ ਵਿਸ਼ਵ ਕੱਪ ਪਹਿਲਾਂ ਹੀ ਰੱਦ ਹੋ ਚੁੱਕਾ ਹੈ।