ਵਿਨੀਤ ਤਿ੍ਪਾਠੀ, ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਸ਼ੋਰਡ ਮਾਰਿਨ ਦੀ ਕਿਤਾਬ ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਭਾਰਤੀ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਮੰਗ ਨੂੰ ਠੁਕਰਾਉਂਦੇ ਹੋਏ ਦਿੱਲੀ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਕਿਸੇ ਖਿਡਾਰੀ ਦੀ ਸਿਹਤ ਸਬੰਧੀ ਕੋਈ ਨਿੱਜਤਾ ਨਹੀਂ ਹੋ ਸਕਦੀ। ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਡਿਫੈਂਡੈਂਟ ਨੂੰ ਜਵਾਬ ਦੇਣ ਦਾ ਮੌਕਾ ਦਿੱਤੇ ਬਿਨਾਂ ਆਰਜ਼ੀ ਹੁਕਮ ਨਹੀਂ ਜਾਰੀ ਕੀਤੇ ਜਾ ਸਕਦੇ। ਗੁਰਜੀਤ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਕਿਸੇ ਬਿਮਾਰੀ ਨਾਲ ਪੀੜਤ ਹੈ।

ਬੈਂਚ ਨੇ ਕਿਹਾ ਕਿ ਖੇਡ ਹਸਤੀਆਂ ਦੀਆਂ ਸੱਟਾਂ ਤੇ ਸਿਹਤ ਸਬੰਧੀ ਹਾਲਾਤ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਬੈਂਚ ਨੇ ਇਹ ਵੀ ਕਿਹਾ ਕਿ ਜੇ ਗੁਰਜੀਤ ਕੌਰ ਨੇ ਕਈ ਸਾਲਾਂ ਤੋਂ ਮੈਡੀਕਲ ਕੰਡੀਸ਼ਨ ਨਾਲ ਖਿਲਵਾੜ ਕੀਤਾ ਹੈ ਤਾਂ ਇਸ ਨੂੰ ਲੁਕਾਇਆ ਨਹੀਂ ਜਾ ਸਕਦਾ। ਪੁਸਤਕ ਹੱਥ ਲਿਖਤ ਤੋਂ ਪਤਾ ਲੱਗਦਾ ਹੈ ਕਿ ਬਚਾਅ ਪੱਖ ਨੇ ਹੋਰ ਸਾਰੇ ਟੀਮ ਸਾਥੀਆਂ ਨੂੰ ਇਸ ਸਥਿਤੀ ਬਾਰੇ ਦੱਸਿਆ ਹੈ। ਪੁਸਤਕ ਦੀ ਹੱਥ ਲਿਖਤ ਵਿਚ ਬਚਾਅ ਪੱਖ ਦੇ ਪ੍ਰਸੰਸਾ ਵਾਲੇ ਸੰਦਰਭ ਹਨ ਕਿ ਗੁਰਜੀਤ ਦੀ ਸਿਹਤ ਸਬੰਧੀ ਹਾਲਤ ਦੇ ਬਾਵਜੂਦ ਉਨ੍ਹਾਂ ਨੇ ਅੰਤਰਰਾਸ਼ਟਰੀ ਖੇਤਰ ਵਿਚ ਕਾਮਯਾਬੀ ਹਾਸਲ ਕੀਤੀ। ਇਸ ਕਾਰਨ ਪੁਸਤਕ ਦੇ ਪ੍ਰਕਾਸ਼ਨ ਨਾਲ ਉਸ ਦਾ ਕੋਈ ਪੱਖਪਾਤ ਨਹੀਂ ਹੋ ਸਕਦਾ। ਵਿਲ ਪਾਵਰ : ਦ ਇਨਸਾਈਡ ਸਟੋਰੀ ਆਫ ਦ ਇਨਕਰੈਡੀਬਲ ਟਰਨਅਰਾਊਂਡ ਇਨ ਇੰਡੀਅਨ ਵਿਮਨਜ਼ ਹਾਕੀ ਕਿਤਾਬ ਦੇ ਅਗਲੇ 21 ਸਤੰਬਰ ਨੂੰ ਤੈਅ ਰਿਲੀਜ਼ ਸਮਾਗਮ 'ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਹਾਕੀ ਖਿਡਾਰਨ ਗੁਰਜੀਤ ਕੌਰ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਉਨ੍ਹਾਂ ਨੇ ਪੁਸਤਕ ਦੇ ਪ੍ਰਕਾਸ਼ਕ ਹਾਰਪਰ ਕਾਲਿਨਜ਼ ਪਬਲੀਸ਼ਰਜ਼ ਇੰਡੀਆ ਪ੍ਰਰਾਈਵੇਟ ਲਿਮਟਿਡ ਤੇ ਇਸ ਦੇ ਲੇਖਕ ਸ਼ੋਰਡ ਮਾਰਿਨ ਖ਼ਿਲਾਫ਼ ਹਰਜਾਨੇ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਗੁਰਜੀਤ ਨੇ ਕਿਹਾ ਕਿ ਮਾਰਿਨ ਨੇ ਕਿਤਾਬ ਵਿਚ ਕੁਝ ਗੁਪਤ ਜਾਣਕਾਰੀ ਦਾ ਖ਼ੁਲਾਸਾ ਕੀਤਾ ਗਿਆ ਹੈ। ਗੁਰਜੀਤ ਦੇ ਵਕੀਲ ਸ਼ੀਲ ਤ੍ਰੇਹਨ ਨੇ ਤਰਕ ਦਿੱਤਾ ਕਿ ਅਜਿਹੀ ਗੁਪਤ ਜਾਣਕਾਰੀ ਦਾ ਖ਼ੁਲਾਸਾ ਕਰਨਾ ਹਾਕੀ ਇੰਡੀਆ ਦੇ ਜ਼ਾਬਤੇ ਦਾ ਉਲੰਘਣ ਹੈ ਤੇ ਮਾਰਿਨ ਨੇ ਇਸ 'ਤੇ ਹਸਤਾਖਰ ਕੀਤੇ ਸਨ। ਪੁਸਤਕ ਦੇ ਹਾਰਪਰ ਕਾਲਿਨਜ਼ ਵੱਲੋਂ ਪੇਸ਼ ਹੋਈ ਵਕੀਲ ਸਵਾਤੀ ਸੁਕੁਮਾਰ ਨੇ ਇਹ ਵੀ ਤਰਕ ਦਿੱਤਾ ਕਿ ਕੌਰ ਦੀ ਮੈਡੀਕਲ ਸਥਿਤੀ ਬਾਰੇ ਕੁਝ ਵੀ ਗੁਪਤ ਨਹੀਂ ਸੀ ਕਿਉਂਕਿ ਇਹ ਟੀਮ ਦੇ ਹੋਰ ਮੈਂਬਰਾਂ ਨੂੰ ਵੀ ਪਤਾ ਸੀ। ਇੰਨਾ ਹੀ ਨਹੀਂ ਇਕ ਪ੍ਰਸਿੱਧ ਹਸਤੀ ਤੇ ਇਕ ਖੇਡ ਵਿਅਕਤੀਤਵ ਹੋਣ ਵਜੋਂ ਉਨ੍ਹਾਂ ਦੀ ਸਿਹਤ ਸਬੰਧੀ ਸਥਿਤੀ ਵਿਚ ਨਿੱਜਤਾ ਦਾ ਅਧਿਕਾਰ ਨਹੀਂ ਹੋ ਸਕਦਾ।

Posted By: Gurinder Singh