ਨਵੀਂ ਦਿੱਲੀ (ਜੇਐੱਨਐੱਨ) : ਮੌਜੂਦਾ ਚੈਂਪੀਅਨ ਏਂਡਾਮਲਾਕ ਬੇਲਿਹੂ ਤੇ ਸੇਹੇ ਗੇਮੇਚੂ ਨੇ 15ਵੀਂ ਦਿੱਲੀ ਹਾਫ ਮੈਰਾਥਨ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਇੱਥੇ ਕ੍ਰਮਵਾਰ ਮਰਦ ਤੇ ਮਹਿਲਾ ਵਰਗ ਦੇ ਖ਼ਿਤਾਬ ਜਿੱਤੇ। ਇਥੋਪੀਆ ਦੇ ਬੇਲਿਹੂ ਨੇ 59.10 ਮਿੰਟ ਦਾ ਸਮਾਂ ਲੈ ਕੇ ਆਪਣੇ ਖ਼ਿਤਾਬ ਦਾ ਬਚਾਅ ਕੀਤਾ ਜਦਕਿ ਗੇਮੇਚੂ ਨੇ 66.00 ਮਿੰਟ ਦੇ ਸਮੇਂ ਨਾਲ ਚੈਂਪੀਅਨਸ਼ਿਪ ਦੇ ਆਪਣੇ ਹੀ ਪਿਛਲੇ ਰਿਕਾਰਡ ਵਿਚ ਸੁਧਾਰ ਕੀਤਾ। ਇਹ ਗੇਮੇਚੂ ਦਾ ਸਰਬੋਤਮ ਨਿੱਜੀ ਪ੍ਰਦਰਸ਼ਨ ਵੀ ਹੈ। ਬੇਲਿਹੂ ਨੇ ਪਿਛਲੇ ਸਾਲ ਆਈਏਏਐੱਫ ਰੇਸ 59 ਮਿੰਟ 18 ਸਕਿੰਟ ਵਿਚ ਜਿੱਤੀ ਸੀ। ਉਹ ਇਥੋਪੀਆ ਦੇ ਆਪਣੇ ਸਾਥੀ ਸੋਲੋਮੋਨ ਬੇਰਿਹੂ (59.17) ਤੋਂ ਅੱਗੇ ਰਹੇ। ਕੀਨੀਆ ਦੇ ਕਿਬਿਵੋਟ ਕੈਂਡੀ 59.33 ਮਿੰਟ ਦੇ ਨਾਲ ਤੀਜੇ ਸਥਾਨ 'ਤੇ ਰਹੇ। ਬੇਲਿਹੂ ਸਿਰਫ਼ ਚਾਰ ਸਕਿੰਟ ਦੇ ਫ਼ਰਕ ਨਾਲ ਕੋਰਸ ਰਿਕਾਰਡ ਤੋਂ ਖੁੰਝ ਗਏ ਜੋ ਇਥੋਪੀਆ ਦੇ ਗੁਏ ਏਡੋਲਾ (59.06 ਮਿੰਟ) ਨੇ 2014 ਵਿਚ ਬਣਾਇਆ ਸੀ। ਉਨ੍ਹਾਂ ਨੇ ਬਾਅਦ ਵਿਚ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਂ ਕੋਰਸ ਰਿਕਾਰਡ ਤੋਂ ਖੁੰਝ ਗਿਆ। ਇਸ ਲਈ ਮੈਂ ਥੋੜ੍ਹਾ ਨਿਰਾਸ਼ ਹਾਂ ਪਰ ਕੁੱਲ ਮਿਲਾ ਕੇ ਇਹ ਚੰਗੀ ਦੌੜ ਰਹੀ ਤੇ ਇਸ ਲਈ ਮੈਂ ਖ਼ੁਸ਼ ਹਾਂ। ਬੇਲਿਹੂ ਨੇ ਕਿਹਾ ਕਿ ਮੈਂ ਅਜੇ ਕੁਝ ਮੈਰਾਥਨ ਤੇ ਹਾਫ ਮੈਰਾਥਨ ਵਿਚ ਹਿੱਸਾ ਲਵਾਂਗਾ ਪਰ ਇਹ ਸਭ ਮੇਰੇ ਅਭਿਆਸ 'ਤੇ ਨਿਰਭਰ ਕਰਦਾ ਹੈ ਤੇ ਮੈਂ ਇਸ ਬਾਰੇ ਆਪਣੇ ਕੋਚ ਨਾਲ ਗੱਲ ਕਰਾਂਗਾ।

ਮਹਿਲਾਵਾਂ ਦੇ ਵਰਗ ਵਿਚ ਇਥੋਪੀਆ ਦੀ ਯੇਲਮਜਰਫ ਯੇਹੁਆਲਾਊ ਨੇ ਇਕ ਘੰਟਾ 60.01 ਮਿੰਟ ਦੇ ਨਾਲ ਦੂਜਾ ਜਦਕਿ ਜੇਨਿਬਾ ਯੀਮਰ ਨੇ ਇਕ ਘੰਟਾ 6.57 ਮਿੰਟ ਨਾਲ ਤੀਜਾ ਸਥਾਨ ਹਾਸਲ ਕੀਤਾ। ਗੇਮੇਚੂ ਦਾ ਨਿੱਜੀ ਰਿਕਾਰਡ 66.50 ਮਿੰਟ ਦਾ ਸੀ ਤੇ ਉਨ੍ਹਾਂ ਨੇ ਪਿਛਲੇ ਸਾਲ ਕੋਰਸ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕੋਰਸ ਰਿਕਾਰਡ ਤੋੜਿਆ ਤੇ ਮੈਂ ਇਸ ਨੂੰ ਹਾਸਲ ਕਰ ਕੇ ਖ਼ੁਸ਼ ਹਾਂ। ਦੋਹਾ ਤੋਂ ਬਾਅਦ ਮੈਂ ਕਾਫੀ ਥੱਕੀ ਹੋਈ ਸੀ ਪਰ ਮੈਂ ਦਿੱਲੀ ਵਿਚ ਜਿੱਤ ਦਰਜ ਕਰਨਾ ਚਾਹੁੰਦੀ ਸੀ। ਮੈਂ ਬਹੁਤ ਖ਼ੁਸ਼ ਹਾਂ। ਇਹ ਮੇਰਾ ਸਰਬੋਤਮ ਨਿੱਜੀ ਪ੍ਰਦਰਸ਼ਨ ਵੀ ਹੈ।

ਭਾਰਤੀਆਂ 'ਚ ਬੁਗਾਤਾ ਤੇ ਸੂਰੀਆ ਜਿੱਤੇ :

ਭਾਰਤੀ ਮਰਦਾਂ ਵਿਚ ਸ਼੍ਰੀਨੂ ਬੁਗਾਤਾ ਨੇ ਇਕ ਘੰਟਾ 4.33 ਮਿੰਟ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸੁਰੇਸ਼ ਪਟੇਲ (1.04.57) ਦੂਜੇ ਤੇ ਹਰਸ਼ਦ ਮਹਾਤਰੇ (1.05.12) ਤੀਜੇ ਸਥਾਨ 'ਤੇ ਰਹੇ। ਮਹਿਲਾਵਾਂ ਵਿਚ ਐੱਲ ਸੂਰੀਆ ਇਕ ਘੰਟਾ 12.49 ਮਿੰਟ ਦੇ ਨਾਲ ਪਹਿਲੇ ਸਥਾਨ 'ਤੇ ਰਹੀ। ਪਾਰੁਲ ਚੌਧਰੀ (1.13.55) ਨੇ ਦੂਜਾ ਤੇ ਚਿੰਤਾ ਯਾਦਵ (1.15.28) ਨੇ ਤੀਜਾ ਸਥਾਨ ਹਾਸਲ ਕੀਤਾ। ਖੇਡ ਮੰਤਰੀ ਕਿਰਨ ਰਿਜਿਜੂ ਨੇ ਅੰਤਰਰਾਸ਼ਟਰੀ ਇਵੈਂਟ ਅੰਬੈਸਡਰ ਕਾਰਮੇਲਿਟਾ ਜੇਟਰ ਦੀ ਮੌਜੂਦਗੀ ਵਿਚ ਦੌੜ ਨੂੰ ਹਰੀ ਝੰਡੀ ਦਿਖਾਈ ਸੀ।