ਨਵੀਂ ਦਿੱਲੀ (ਜੇਐੱਨਐੱਨ) : ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਭਲਵਾਨ ਦੀਪਕ ਪੂਨੀਆ ਖੱਬੇ ਹੱਥ ਦੀ ਸੱਟ ਦੇ ਵਧਣ ਤੋਂ ਬਚਣ ਲਈ ਮੰਗਲਵਾਰ ਨੂੰ ਪੋਲੈਂਡ ਓਪਨ ਤੋਂ ਹਟ ਗਏ। ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਨੇ ਇਸ ਦੀ ਪੁਸ਼ਟੀ ਕੀਤੀ। ਟੋਕੀਓ ਖੇਡਾਂ ਤੋਂ ਪਹਿਲਾਂ ਇਹ ਆਖ਼ਰੀ ਰੈਂਕਿੰਗ ਸੀਰੀਜ਼ ਚੈਂਪੀਅਨਸ਼ਿਪ ਹੈ ਤੇ ਪੂਨੀਆ ਨੇ 86 ਕਿਲੋਗ੍ਰਾਮ ਵਿਚ ਚੁਣੌਤੀ ਪੇਸ਼ ਕਰਨੀ ਸੀ ਪਰ ਉਹ ਅਮਰੀਕਾ ਦੇ ਜਾਹਿਦ ਵੇਲੇਂਸੀਆ ਖ਼ਿਲਾਫ਼ ਕੁਆਰਟਰ ਫਾਈਨਲ ਮੁਕਾਬਲੇ ਤੋਂ ਹਟ ਗਏ। ਦੀਪਕ ਦੇ ਕੋਚ ਵਰਿੰਦਰ ਕੁਮਾਰ ਨੇ ਕਿਹਾ ਕਿ ਮੈਚ ਲਈ ਉਸ ਦਾ ਭਾਰ ਵੀ ਹੋ ਗਿਆ ਸੀ ਪਰ ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੇ ਹਟਣ ਦਾ ਫ਼ੈਸਲਾ ਕੀਤਾ ਕਿਉਂਕਿ ਕੁਸ਼ਤੀ ਸੰਘ, ਦੀਪਕ ਤੇ ਮੈਂ ਕੋਈ ਵੀ ਨਹੀਂ ਚਾਹੁੰਦਾ ਕਿ ਉਸ ਦੀ ਸੱਟ ਵਧੇ ਜਾਂ ਕੋਈ ਪਰੇਸ਼ਾਨੀ ਹੋਵੇ। ਦੀਪਕ ਦਾ ਟੀਚਾ ਓਲੰਪਿਕ ਵਿਚ ਮੈਡਲ ਲਿਆਉਣਾ ਹੈ ਤੇ ਇਸ ਲਈ ਹਰ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਆਪਣੀ ਸੱਟ ਦਾ ਅੰਦਾਜ਼ਾ ਲਾਉਣ ਤੋਂ ਬਾਅਦ ਉਸ ਨੇ ਨਾ ਖੇਡਣ ਦਾ ਫ਼ੈਸਲਾ ਕੀਤਾ। ਪੂਨੀਆ ਟ੍ਰੇਨਿੰਗ ਕੈਂਪ ਲਈ ਪੰਜ ਜੁਲਾਈ ਤਕ ਟੀਮ ਦੇ ਨਾਲ ਰਹਿਣਗੇ। ਕੈਂਪ ਪੋਲੈਂਡ ਦੇ ਮਹਾਸੰਘ ਵੱਲੋਂ ਲਾਇਆ ਜਾ ਰਿਹਾ ਹੈ।