ਦੋਹਾ (ਪੀਟੀਆਈ) : ਤਜਰਬੇਕਾਰ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਵਿਚ ਮੰਗਲਵਾਰ ਨੂੰ ਮਰਦਾਂ ਦੇ 10 ਮੀਟਰ ਏਅਰ ਰਾਈਫਲ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਭਾਰਤ ਲਈ ਟੋਕੀਓ ਓਲੰਪਿਕ ਦਾ ਕੋਟਾ ਵੀ ਹਾਸਲ ਕੀਤਾ। ਦੀਪਕ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਫਾਈਨਲ ਵਿਚ 145 ਅੰਕ ਬਣਾਏ।

32 ਸਾਲਾ ਦੀਪਕ ਨੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਉਂਦੇ ਹੋਏ ਦਮਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕੁਆਲੀਫਾਇੰਗ ਵਿਚ 626.8 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹਿ ਕੇ ਅੱਠ ਖਿਡਾਰੀਆਂ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਭਾਰਤ ਇਸ ਚੈਂਪੀਅਨਸ਼ਿਪ ਵਿਚ ਇਸ ਤੋਂ ਪਹਿਲਾਂ ਹੀ ਟੋਕੀਓ ਲਈ ਨੌਂ ਕੋਟਾ ਸਥਾਨ ਹਾਸਲ ਕਰ ਚੁੱਕਾ ਸੀ ਤੇ ਉਹ ਏਸ਼ਿਆਈ ਖੇਤਰ ਵਿਚ ਚੀਨ (25 ਕੋਟਾ), ਕੋਰੀਆ (12) ਤੇ ਮੇਜ਼ਬਾਨ ਜਾਪਾਨ (12) ਤੋਂ ਬਾਅਦ ਚੌਥੇ ਨੰਬਰ 'ਤੇ ਹੈ। ਇਸ ਮੁਕਾਬਲੇ ਵਿਚ ਭਾਰਤ ਦੇ ਤਿੰਨ ਨਿਸ਼ਾਨੇਬਾਜ਼ਾਂ 'ਚ ਸਭ ਤੋਂ ਜ਼ਿਆਦਾ ਤਜਰਬੇਕਾਰ ਦੀਪਕ ਉਮੀਦਾਂ 'ਤੇ ਖ਼ਰੇ ਉਤਰੇ ਤੇ ਕੋਟਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੇ। ਦੀਪਕ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਦੂਜੇ ਭਾਰਤੀ ਨਿਸ਼ਾਨੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਦਿਵਿਆਂਸ਼ ਸਿੰਘ ਪਵਾਰ ਨੇ ਕੋਟਾ ਹਾਸਲ ਕੀਤਾ ਸੀ।

38 ਕੋਟਾ ਸਥਾਨ ਦਾਅ 'ਤੇ :

ਭਾਰਤ ਦੇ 63 ਮਰਦ ਤੇ 45 ਮਹਿਲਾ ਨਿਸ਼ਾਨੇਬਾਜ਼ ਰਾਈਫਲ, ਪਿਸਟਲ ਤੇ ਸ਼ਾਟਗਨ ਮੁਕਾਬਲਿਆਂ ਵਿਚ ਸੀਨੀਅਰ, ਜੂਨੀਅਰ ਤੇ ਯੁਵਾ ਵਰਗ ਵਿਚ ਹਿੱਸਾ ਲੈ ਰਹੇ ਹਨ। ਇਸ 10 ਦਿਨ ਤਕ ਚੱਲਣ ਵਾਲੀ ਚੈਂਪੀਅਨਸ਼ਿਪ ਵਿਚ 15 ਵਿਚੋਂ 12 ਮੁਕਾਬਲਿਆਂ ਵਿਚ ਟੋਕੀਓ ਓਲੰਪਿਕ ਲਈ 38 ਕੋਟਾ ਸਥਾਨ ਦਾਅ 'ਤੇ ਲੱਗੇ ਹਨ।

ਹੁਣ ਤਕ ਕਾਮਯਾਬ ਰਹੇ ਭਾਰਤੀ :

ਇਸ ਤੋਂ ਪਹਿਲਾਂ ਰੀਓ ਡੀ ਜਨੇਰੀਓ ਵਿਚ ਹੋਏ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਯਸ਼ਸਵਿਨੀ ਦੇਸਵਾਲ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਨੂੰ ਨੌਵਾਂ ਓਲੰਪਿਕ ਕੋਟਾ ਦਿਵਾਇਆ ਸੀ। ਉਥੇ ਇਸੇ ਮੁਕਾਬਲੇ ਵਿਚ 50 ਮੀਟਰ ਥ੍ਰੀ ਪੋਜ਼ੀਸ਼ਨ ਰਾਈਫਲ ਮੁਕਾਬਲੇ ਵਿਚ ਸੰਜੀਵ ਰਾਜਪੂਤ ਟੋਕੀਓ ਓਲੰਪਿਕ ਲਈ ਭਾਰਤ ਨੂੰ ਅੱਠਵਾਂ ਕੋਟਾ ਸਥਾਨ ਸਥਾਨ ਦਿਵਾਇਆ ਸੀ। ਭਾਰਤ ਨੂੰ ਕੋਟਾ ਦਿਵਾਉਣ ਵਾਲੇ ਹੋਰ ਨਿਸ਼ਾਨੇਬਾਜ਼ਾਂ ਵਿਚ ਅੰਜੁਮ ਮੌਦਗਿਲ, ਅਪੂਰਵੀ ਚੰਦੇਲਾ, ਸੌਰਭ ਚੌਧਰੀ, ਅਭਿਸ਼ੇਕ ਵਰਮਾ, ਦਿਵਿਆਂਸ਼ ਸਿੰਘ ਪਵਾਰ, ਰਾਹੀ ਸਰਨੋਬਤ ਤੇ ਮਨੂ ਭਾਕਰ ਹਨ।

ਨੰਬਰ ਗੇਮ

-2018 'ਚ ਦੀਪਕ ਕੁਮਾਰ ਨੇ ਜਕਾਰਤਾ ਏਸ਼ੀਅਨ ਗੇਮਜ਼ ਵਿਚ 10 ਮੀਟਰ ਏਅਰ ਰਾਈਫਲ 'ਚ ਸਿਲਵਰ ਮੈਡਲ ਜਿੱਤਿਆ ਸੀ

-10 ਮੀਟਰ ਏਅਰ ਰਾਈਫਲ ਮਿਕਸਡ ਟੀਮ 'ਚ ਦੀਪਕ ਨੇ 2018 ਆਈਐੱਸਐੱਸਐੱਫ ਵਿਸ਼ਵ ਕੱਪ ਵਿਚ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ ਸੀ।

-2017 ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਰਾਈਫਲ ਵਿਚ ਦੀਪਕ ਕਾਂਸੇ ਦਾ ਮੈਡਲ ਜਿੱਤਣ ਵਿਚ ਕਾਮਯਾਬ ਹੋਏ ਸਨ।