ਬਾਕੂ : ਭਾਰਤੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਕਲਾਤਮਕ ਜਿਮਨਾਸਟਿਕਸ ਵਿਸ਼ਵ ਕੱਪ ਦੇ ਕੁਆਲੀਫਾਇੰਗ ਦੌਰ 'ਚ ਤੀਜੇ ਨੰਬਰ 'ਤੇ ਰਹੀ ਤੇ ਵਾਲਟ ਮੁਕਾਬਲੇ ਦੇ ਫਾਈਨਲ 'ਚ ਥਾਂ ਬਣਾ ਲਈ। ਦੀਪਾ ਨੇ ਇਸ ਮੁਕਾਬਲੇ 'ਚ ਪਹਿਲੀ ਵਾਰ ਸਭ ਤੋਂ ਮੁਸ਼ਕਲ ਹੈਂਡਫਰੰਟ 540 ਵਾਲਟ 'ਚ ਆਪਣਾ ਹੱਥ ਅਜਮਾਇਆ। ਉਨ੍ਹਾਂ ਦੋ ਕੁਆਲੀਫਾਇੰਗ ਦੌਰ ਦੇ ਵਾਲਟ 'ਚ 14.466 ਤੇ 14.133 ਅੰਕ ਨਾਲ ਦੂਜਾ ਥਾਂ ਹਾਸਲ ਕੀਤਾ। ਕੁਆਲੀਫਿਕੇਸ਼ਨ ਦੌਰ 'ਚ ਟਾਪ ਅੱਠ 'ਚ ਰਹਿਣ ਵਾਲੀ ਜਿਮਨਾਸਟ ਫਾਈਨਲ 'ਚ ਖੇਡਦੀ ਹੈ ਤੇ ਵਾਲਟ ਫਾਈਨਲ ਸ਼ਨਿਚਰਵਾਰ ਨੂੰ ਹੋਵੇਗਾ। ਰਿਓ ਓਲੰਪਿਕ 2016 'ਚ ਚੌਥੇ ਥਾਂ 'ਤੇ ਰਹਿਣ ਵਾਲੀ ਦੀਪਾ ਸ਼ੁੱਕਰਵਾਰ ਨੂੰ ਬੈਲੇਂਸਡ ਬੀਮ ਮੁਕਾਬਲੇ 'ਚ ਵੀ ਹਿੱਸਾ ਲਵੇਗੀ। ਦੀਪਾ ਨੇ ਪਿਛਲੇ ਵਰ੍ਹੇ ਨਵੰਬਰ 'ਚ ਜਰਮਨੀ ਦੇ ਕੋਟਬਸ 'ਚ ਕਲਾਤਮਕ ਜਿਮਨਾਸਟਿਕਸ ਵਿਸ਼ਵ ਕੱਪ ਦੇ ਵਾਲਟ ਮੁਕਾਬਲੇ 'ਚ ਕਾਂਸਾ ਮੈਡਲ ਜਿੱਤਿਆ ਸੀ।