ਮੈਡਰਿਡ (ਏਐੱਫਪੀ) : ਕਾਰੇਨ ਖਚਾਨੋਵ ਤੇ ਆਂਦਰੇਈ ਰੂਬਲੇਵ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਰੂਸ ਨੇ ਆਪਣੇ ਪਹਿਲੇ ਡੇਵਿਸ ਕੱਪ ਫਾਈਨਲਜ਼ ਵਿਚ ਪਿਛਲੀ ਵਾਰ ਦੀ ਚੈਂਪੀਅਨ ਟੀਮ ਕ੍ਰੋਏਸ਼ੀਆ ਨੂੰ 3-0 ਨਾਲ ਹਰਾ ਕੇ ਮਜ਼ਬੂਤ ਸ਼ੁਰੂਆਤ ਕੀਤੀ। ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਖਚਾਨੋਵ ਨੇ ਕ੍ਰੋਏਸ਼ੀਆ ਦੇ ਨੰਬਰ ਇਕ ਬੋਰਨਾ ਕੋਰਿਕ ਨੂੰ 6-7, 6-4, 6-4 ਨਾਲ ਹਰਾਇਆ। ਇਸ ਤੋਂ ਪਹਿਲਾਂ ਰੂਬਲੇਵ ਨੇ ਬੋਰਨਾ ਗੋਜੋ ਨੂੰ 6-3, 6-3 ਨਾਲ ਮਾਤ ਦਿੱਤੀ।

ਯੂਐੱਸ ਓਪਨ ਉੱਪ ਜੇਤੂ ਡੇਨਿਲ ਮੇਦਵੇਦੇਵ ਰੂਸ ਦੀ ਟੀਮ ਵਿਚ ਨਹੀਂ ਹਨ। ਰੂਸ ਨੂੰ ਦੂਜੇ ਗਰੁੱਪ ਮੈਚ ਵਿਚ ਸਪੇਨ ਨਾਲ ਖੇਡਣਾ ਹੈ। ਇਸ ਵਿਚ 18 ਟੀਮਾਂ ਨੂੰ ਛੇ ਸਮੂਹਾਂ ਵਿਚ ਵੰਡਿਆ ਗਿਆ ਹੈ। ਜੇਤੂ ਤੇ ਦੋ ਸਰਬੋਤਮ ਉੱਪ ਜੇਤੂਆਂ ਨੂੰ ਆਖ਼ਰੀ ਅੱਠ ਵਿਚ ਥਾਂ ਮਿਲੇਗੀ। ਕਚਾਨੋਵ ਤੇ ਰੂਬਲੇਵ ਨੇ ਡਬਲਜ਼ ਮੁਕਾਬਲੇ ਵਿਚ ਇਵਾਨ ਡੋਡਿਚ ਤੇ ਨਿਕੋਲਾ ਮੇਕਟਿਚ ਨੂੰ 7-6, 6-4 ਨਾਲ ਹਰਾਇਆ। ਗਰੁੱਪ ਐੱਫ ਦੇ ਮੈਚ ਵਿਚ ਕੈਨੇਡਾ ਨੇ ਇਟਲੀ ਨੂੰ 2-1 ਨਾਲ ਹਰਾਇਆ। ਬੈਲਜੀਅਮ ਨੇ ਗਰੁੱਪ-ਡੀ ਵਿਚ ਕੋਲੰਬੀਆ ਨੂੰ ਮਾਤ ਦਿੱਤੀ।