ਕਰਾਚੀ (ਪੀਟੀਆਈ) : ਪਾਕਿਸਤਾਨ ਟੈਨਿਸ ਮਹਾਸੰਘ (ਪੀਟੀਐੱਫ) ਨੇ ਭਾਰਤ ਖ਼ਿਲਾਫ਼ ਇਸਲਾਮਾਬਾਦ ਵਿਚ 14-15 ਸਤੰਬਰ ਨੂੰ ਹੋਣ ਵਾਲੇ ਡੇਵਿਸ ਕੱਪ ਏਸ਼ੀਆ/ਓਸੀਆਨਾ ਗਰੁੱਪ ਇਕ ਮੁਕਾਬਲੇ ਨੂੰ ਨਿਰਪੱਖ ਥਾਂ 'ਤੇ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।

ਪੀਟੀਐੱਫ ਮੁਖੀ ਸਲੀਮ ਸੈਫੁੱਲ੍ਹਾ ਨੇ ਕਿਹਾ ਕਿ ਅਸੀਂ ਮੁਕਾਬਲੇ ਦੀ ਮੇਜ਼ਬਾਨੀ 14-15 ਸਤੰਬਰ ਨੂੰ ਕਰਨ ਦੇ ਆਪਣੇ ਸ਼ੁਰੂਆਤੀ ਪ੍ਰੋਗਰਾਮ 'ਤੇ ਟਿਕੇ ਹੋਏ ਹਾਂ ਤੇ ਮੈਨੂੰ ਭਾਰਤੀ ਟੀਮ ਦੇ ਇਸਲਾਮਾਬਾਦ ਵਿਚ ਅਸੁਰੱਖਿਅਤ ਮਹਿਸੂਸ ਕਰਨ ਦੇ ਕੋਈ ਕਾਰਨ ਨਜ਼ਰ ਨਹੀਂ ਆਉਂਦੇ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਭਾਰਤ ਸਰਕਾਰ ਦੇ ਰੱਦ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਵਧਿਆ ਹੈ ਜਿਸ ਨਾਲ ਇਸ ਮੁਕਾਬਲੇ 'ਤੇ ਗ਼ੈਰਯਕੀਨੀ ਬਣ ਗਈ ਹੈ।

ਸਰਬ ਭਾਰਤੀ ਟੈਨਿਸ ਸੰਘ (ਏਆਈਟੀਏ) ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈਟੀਐੱਫ) ਨੂੰ ਡੇਵਿਸ ਕੱਪ ਮੁਕਾਬਲਾ ਨਿਰਪੱਖ ਥਾਂ 'ਤੇ ਕਰਵਾਉਣ ਦੀ ਮੰਗ ਕਰੇਗਾ ਪਰ ਸੈਫੁੱਲ੍ਹਾ ਨੇ ਕਿਹਾ ਕਿ ਭਾਰਤੀ ਟੈਨਿਸ ਟੀਮ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਚਾਰ ਦਿਨ ਲਈ ਇਸਲਾਮਾਬਾਦ ਵਿਚ ਰਹਿਣਗੇ ਜੋ ਪੂਰੀ ਤਰ੍ਹਾਂ ਸੁਰੱਖਿਅਤ ਸ਼ਹਿਰ ਹੈ। ਅਸੀਂ ਉਨ੍ਹਾਂ ਦੇ ਹੋਟਲ ਤੇ ਟੂਰਨਾਮੈਂਟ ਦੀ ਥਾਂ 'ਤੇ ਚੋਟੀ ਦੇ ਪੱਧਰ ਦੇ ਸੁਰੱਖਿਆ ਇੰਤਜ਼ਾਮ ਕੀਤੇ ਹਨ ਤਾਂ ਉਨ੍ਹਾਂ ਨੂੰ ਇਸਲਾਮਾਬਾਦ ਵਿਚ ਖੇਡਣ ਵਿਚ ਕੀ ਮੁਸ਼ਕਲ ਹੈ? ਜੇ ਉਹ ਚਾਹੁੰਦੇ ਹਨ ਤਾਂ ਅਸੀਂ ਮੁਕਾਬਲੇ ਲਈ ਦਰਸ਼ਕਾਂ ਨੂੰ ਵੀ ਨਹੀਂ ਬੁਲਾਵਾਂਗੇ।

ਆਈਟੀਐੱਫ ਨੇ ਅਜੇ ਤਕ ਨਹੀਂ ਕੀਤਾ ਸੰਪਰਕ : ਸੈਫੁੱਲ੍ਹਾ

ਸੈਫੁੱਲ੍ਹਾ ਨੇ ਕਿਹਾ ਕਿ ਆਈਟੀਐੱਫ ਨੇ ਮੁਕਾਬਲੇ ਨੂੰ ਨਿਰਪੱਖ ਥਾਂ 'ਤੇ ਬਦਲਣ ਨੂੰ ਲੈ ਕੇ ਹੁਣ ਤਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਟੈਨਿਸ ਨੂੰ ਉਤਸ਼ਾਹ ਦੇਣ ਤੇ ਮਾਲੀਆ ਕਮਾਉਣ ਦੇ ਸੰਦਰਭ ਵਿਚ ਪਾਕਿਸਤਾਨ ਲਈ ਇਹ ਮੁਕਾਬਲਾ ਕਾਫੀ ਮਹੱਤਵਪੂਰਨ ਹੈ। ਇਸਲਾਮਾਬਾਦ ਵਿਚ ਮੁਕਾਬਲੇ ਨੂੰ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਕਰਵਾਉਣ ਲਈ ਪੀਟੀਐੱਫ ਪਹਿਲਾਂ ਹੀ ਸਬੰਧਤ ਮੰਤਰਾਲਿਆਂ ਦੇ ਸੰਪਰਕ ਵਿਚ ਹੈ।