ਏਜੰਸੀ, ਕੋਲਕਾਤਾ : ਅਖਿਲ ਭਾਰਤੀ ਟੈਨਿਸ ਸੰਘ ਦੀ ਚੋਣ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਖਿਡਾਰੀ ਰੋਹਿਤ ਰਾਜਪਾਲ ਨੂੰ ਪਾਕਿਸਤਾਨ ਖ਼ਿਲਾਫ਼ ਡੇਵਿਸ ਕੱਪ ਮੁਕਾਬਲੇ ਲਈ ਭਾਰਤ ਦਾ ਗੈਰ ਖਿਡਾਰੀ ਕਪਤਾਨ ਬਣਾਇਆ ਗਿਆ। ਇਹ ਮੁਕਾਬਲਾ ਪਾਕਿਸਤਾਨ ਦੀ ਸਰਜ਼ਮੀਂ 'ਤੇ ਖੇਡਿਆ ਜਾਣਾ ਹੈ। ਇਸ ਮੈਚ ਲਈ ਭਾਰਤ ਦਾ ਤਜ਼ਰਬੇਕਾਰ ਖਿਡਾਰੀ ਲਿਏਡੰਰ ਪੇਸ ਕਪਤਾਨ ਬਣਾਏ ਜਾਣ ਦੀ ਖ਼ਬਰ ਸੀ। ਮਹੇਸ਼ ਭੂਪਤੀ ਦੇ ਇਸ ਅਹੁਦੇ 'ਤੇ ਖ਼ੁਦ ਨੂੰ ਉਪਲਬਧ ਨਾ ਕਰਾਉਣ ਦੇ ਫੈਸਲੇ ਤੋਂ ਬਾਅਦ ਪੇਸ ਨੂੰ ਚੁਣਿਆ ਜਾਣਾ ਤੈਅ ਮੰਨਿਆ ਜਾ ਰਿਹਾ ਸੀ।

ਡੇਵਿਸ ਕੱਪ ਮੁਕਾਬਲੇ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ 29 ਅਤੇ 30 ਨਵੰਬਰ ਨੂੰ ਖੇਡਿਆ ਜਾਣਾ ਹੈ। ਸੁਰੱਖਿਆ ਨੂੰ ਲੈ ਕੇ ਪ੍ਰਗਟਾਈ ਗਈ ਚਿੰਤਾ ਕਾਰਨ ਇਸ ਨੂੰ ਇਕ ਵਾਰ ਪਹਿਲਾਂ ਵੀ ਮੁਲਤਵੀ ਕੀਤਾ ਜਾ ਚੁੱਕਾ ਹੈ। ਚੰਡੀਗੜ੍ਹ ਵਿਚ ਏਆਈਟੀਏ ਦੀ ਹੋਈ ਸਲਾਨਾ ਮੀਟਿੰਗ ਵਿਚ ਰੋਹਿਤ ਰਾਜਪਾਲ ਨੂੰ ਕਪਤਾਨੀ ਲਈ ਚੁਣਿਆ ਗਿਆ ਹੈ।

ਸੂਤਰਾਂ ਮੁਤਾਬਕ ਰੋਹਿਤ ਰਾਜਪਾਲ ਦੇ ਨਾਂ ਦੀ ਪੇਸ਼ਕਸ਼ ਸਾਬਕਾ ਪ੍ਰਧਾਨ ਅਨਿਲ ਖੰਨਾ ਅਤੇ ਪ੍ਰਵੀਨ ਮਹਾਜਨ ਨੇ ਕੀਤੀ ਸੀ। ਇਸ ਨਾਂ ਨੂੰ ਲੈ ਕੇ ਸਹਿਮਤੀ ਬਣਨ ਤੋਂ ਬਾਅਦ ਉਨ੍ਹਾਂ ਦੇ ਨਾਂ 'ਤੇ ਮੋਹਰ ਲੱਗੀ। ਇਸ ਇਕ ਮੁਕਾਬਲੇ ਲਈ ਹੀ ਇਹ ਇੰਤਜ਼ਾਮ ਕੀਤਾ ਗਿਆ ਹੈ।

ਫਿਲਹਾਲ ਤਾਂ ਏਆਈਟੀਏ ਨੂੰ ਮੈਚ ਦੇ ਵੈਨਿਯੂ 'ਤੇ ਆਈਟੀਐਫ ਦੇ ਫੈਸਲੇ ਦਾ ਇੰਤਜ਼ਾਰ ਹੈ। ਇਸ ਤੋਂ ਬਾਅਦ ਹੀ ਟੀਮ ਦੇ ਬਾਕੀ ਖਿਡਾਰੀਆਂ ਦੇ ਨਾਂ ਤੈਅ ਕੀਤੇ ਜਾਣਗੇ। ਇਹ ਮੁਕਾਬਲੇ ਪਹਿਲਾ ਸਤੰਬਰ ਵਿਚ 14-15 ਤਰੀਕ ਨੂੰ ਇਸਲਾਮਾਬਾਦ ਵਿਚ ਖੇਡੇ ਜਾਣੇ ਸਨ। ਭਾਰਤੀ ਟੀਮ ਦੇ ਸਟਾਰ ਖਿਡਾਰੀ ਮਹੇਸ਼ ਭੂਪਤੀ, ਰੋਹਨ ਬੋਪੰਨਾ, ਸੁਮਿਲ ਨਾਗਲ ਅਤੇ ਰਾਮਕੁਮਾਰ ਰਾਮਾਨਾਥਨ ਇਸ ਮੈਚ ਵਿਚ ਖੇਡਣ ਦੇ ਚਾਹਵਾਨ ਨਹੀਂ ਹਨ।

Posted By: Susheel Khanna