ਨਿਊਯਾਰਕ (ਏਐੱਫਪੀ) : ਰੂਸੀ ਨੌਜਵਾਨ ਸਟਾਰ ਡੇਨਿਲ ਮੇਦਵੇਦੇਵ ਦਾ ਅਕਸ ਆਰਥਰ ਏਸ਼ ਸਟੇਡੀਅਮ ਵਿਚ ਇਕ ਬੈਡ ਬੁਆਏ ਦਾ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਖੇਡ ਵਿਚ ਕੋਈ ਅਸਰ ਨਹੀਂ ਦਿਖਾਈ ਦਿੱਤਾ ਹੈ। ਮਰਦ ਸਿੰਗਲਜ਼ ਦੇ ਇਕ ਸੈਮੀਫਾਈਨਲ ਵਿਚ ਮੇਦਵੇਦੇਵ ਨੇ ਬੁਲਗਾਰੀਆ ਦੇ 78ਵੇਂ ਨੰਬਰ ਦੇ ਖਿਡਾਰੀ ਗਿ੍ਗੋਰ ਦਿਮਿਤ੍ਰੋਵ ਨੂੰ 7-6, 6-4, 6-3 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ। ਮੇਦਵੇਦੇਵ 23 ਸਾਲ ਦੀ ਉਮਰ ਵਿਚ ਪਹਿਲੀ ਵਾਰ ਗਰੈਂਡ ਸਲੈਮ ਫਾਈਨਲ ਵਿਚ ਪੁੱਜੇ ਹਨ ਤੇ ਪਿਛਲੇ ਛੇ ਹਫ਼ਤੇ ਵਿਚ ਕਾਫੀ ਚੰਗਾ (ਜਿੱਤ ਦਾ ਰਿਕਾਰਡ 20-2) ਖੇਡ ਰਹੇ ਹਨ ਜਿਸ ਵਿਚ ਵਾਸ਼ਿੰਗਟਨ ਤੇ ਕੈਨੇਡਾ ਵਿਚ ਉੱਪ ਜੇਤੂ ਰਹਿਣਾ ਤੇ ਸਿਨਸਿਨਾਟੀ 'ਚ ਖ਼ਿਤਾਬ ਜਿੱਤਣਾ ਸ਼ਾਮਲ ਹੈ। ਮੇਦਵੇਦੇਵ 'ਤੇ ਦਰਸ਼ਕਾਂ ਵੱਲ ਇਤਰਾਜ਼ਯੋਗ ਇਸ਼ਾਰਾ ਤੇ ਆਪਣੇ ਰੈਕਟ ਨੂੰ ਜ਼ਮੀਨ 'ਤੇ ਮਾਰਨ ਕਾਰਨ ਜੁਰਮਾਨਾ ਵੀ ਲੱਗ ਚੁੱਕਾ ਹੈ। ਸੈਮੀਫਾਈਨਲ ਦੇ ਮੁਕਾਬਲੇ ਦੀ ਸ਼ੁਰੂਆਤ ਵਿਚ ਵੀ ਉਨ੍ਹਾਂ ਨੂੰ ਦਰਸ਼ਕਾਂ ਦੀ ਹੂਟਿੰਗ ਦਾ ਸ਼ਿਕਾਰ ਹੋਣਾ ਪਿਆ। ਹਾਲਾਂਕਿ ਬਾਅਦ ਵਿਚ ਦਰਸ਼ਕਾਂ ਨੇ ਉਨ੍ਹਾਂ ਦੀ ਖੇਡ ਦੀ ਤਾੜੀਆਂ ਮਾਰ ਕੇ ਸ਼ਲਾਘਾ ਕੀਤੀ।

ਨਿੰਦਾ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਮੇਦਵੇਦੇਵ ਲਗਾਤਾਰ ਚੌਥੇ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੇ ਹਨ ਤੇ ਆਪਣੀ ਜਿੱਤ ਦੀ ਲੈਅ ਨੂੰ 12 ਮੁਕਾਬਲਿਆਂ ਤਕ ਪਹੁੰਚਾ ਦਿੱਤਾ ਹੈ। ਯੂਐੱਸ ਓਪਨ ਦੇ ਫਾਈਨਲ ਵਿਚ ਪੁੱਜ ਕੇ ਮੇਦਵੇਦੇਵ ਨੇ ਆਪਣੇ ਵਿਰੋਧੀਆਂ ਨੂੰ ਇਕ ਵਾਰ ਮੁੜ ਗ਼ਲਤ ਸਾਬਿਤ ਕਰ ਦਿੱਤਾ ਹੈ ਜੋ ਉਨ੍ਹਾਂ ਦੀ ਖੇਡ ਨੂੰ ਉਨ੍ਹਾਂ ਦੇ ਵਿਹਾਰ ਨਾਲ ਜੋੜ ਕੇ ਦੇਖਦੇ ਹਨ।