ਨਵੀਂ ਦਿੱਲੀ (ਏਜੰਸੀ) : ਚੇਨੱਈ ਸੁਪਰਕਿੰਗਜ਼ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀਆਰਪੀਐੱਫ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਟੀਮ ਆਪਣੇ ਪਹਿਲੇ ਮੁਕਾਬਲੇ ਦੀ ਸਾਰੀ ਕਮਾਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਵੇਗੀ।

ਸੀਐੱਸਕੇ ਨੂੰ ਆਪਣਾ ਪਹਿਲਾ ਮੈਚ 23 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਚੇਨੱਈ 'ਚ ਖੇਡਣਾ ਹੈ। ਇਹ ਮੁਕਾਬਲਾ ਆਈਪੀਐੱਲ ਸੀਜ਼ਨ-12 ਦਾ ਪਹਿਲਾ ਮੈਚ ਵੀ ਹੋਵੇਗਾ। ਇਸ ਮੈਚ ਦਾ ਟਿਕਟ ਕੁਝ ਹੀ ਸਮੇਂ 'ਚ ਵਿਕ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਸੀਸੀਆਈ ਨੇ ਓਪਨਿੰਗ ਸੈਰੇਮਨੀ ਦਾ ਆਯੋਜਨ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਬੋਰਡ ਨੇ ਇਸ ਦਾ ਪੈਸਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ।

ਸੀਐੱਸਕੇ ਦੇ ਨਿਰਦੇਸ਼ਕ ਰਾਜੇਸ਼ ਸਿੰਘ ਨੇ ਦੱਸਿਆ ਕਿ ਟਿਕਟ ਵਿਕਰੀ ਨਾਲ ਹੋਣ ਵਾਲੀ ਆਮਦਨੀ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇ ਦਿੱਤਾ ਜਾਵੇਗਾ । ਟੀਮ ਦੇ ਕਪਤਾਨ ਐੱਮਐੱਸ ਧੋਨੀ ਉਨ੍ਹਾਂ ਨੂੰ ਚੈੱਕ ਦੇਣਗੇ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਹੋਏ ਇਸ ਅੱਤਵਾਦੀ ਹਮਲੇ 'ਚ ਸੀਆਰਪੀਐੱਫ ਦੇ 44 ਜਵਾਨ ਸ਼ਹੀਦ ਹੋ ਗਏ ਸਨ।

ਧੋਨੀ, ਰੈਨਾ ਤੇ ਸਟੀਫਨ ਫਲੇਮਿੰਗ ਨੂੰ ਸੀਐੱਸਕੇ ਨੇ ਕੀਤਾ ਸਨਮਾਨਿਤ

ਸੀਐੱਸਕੇ ਫ੍ਰੈਂਚਾਇਜੀ ਨੇ ਟੀਮ ਦੇ ਕਪਤਾਨ ਐੱਮਐੱਸ ਧੋਨੀ, ਸੁਰੇਸ਼ ਰੈਨਾ ਤੇ ਮੁੱਖ ਕੋਚ ਸਟੀਫਨ ਫਲੇਮਿੰਗ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਟੀਮ ਨੂੰ ਲੰਮੇ ਸਮੇਂ ਤਕ ਸੇਵਾ ਦੇਣ ਲਈ ਦਿੱਤਾ ਗਿਆ। ਤਿੰਨੇ 2008 'ਚ ਲੀਗ ਦੀ ਸ਼ੁਰੂਆਤ ਤੋਂ ਬਾਅਦ ਹੀ ਸੀਐੱਸਕੇ ਦੇ ਮੈਂਬਰ ਹਨ।

ਦੱਸਣਾ ਬਣਦਾ ਹੈ ਕਿ ਧੋਨੀ ਇਸ ਫ੍ਰੈਂਚਾਇਜੀ ਵੱਲੋਂ ਖ਼ਰੀਦੇ ਗਏ ਸਭ ਤੋਂ ਪਹਿਲੇ ਖਿਡਾਰੀ ਹਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਫਲੇਮਿੰਗ 2009 ਦੇ ਮੁੱਖ ਕੋਚ ਬਣਨ ਤੋਂ ਪਹਿਲਾਂ ਓਪਨਰ ਬੱਲੇਬਾਜ਼ ਦੇ ਤੌਰ 'ਤੇ ਪਹਿਲੇ ਸੈਸ਼ਨ 'ਚ ਖੇਡੇ ਸਨ। ਦੂਜੇ ਪਾਸੇ ਰੈਨਾ ਵੀ 2008 ਤੋਂ ਹੀ ਟੀਮ ਨਾਲ ਜੁੜੇ ਹੋਏ ਹਨ।

ਇਸ ਦੌਰਾਨ ਸੀਐੱਸਕੇ ਨੇ ਤਿੰਨ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤਿਆ ਹੈ। ਸਪਾਟ ਫਿਕਸਿੰਗ ਦੇ ਦੋਸ਼ਾਂ ਕਾਰਨ ਦੋ ਸਾਲ ਬਰਖ਼ਾਸਤ ਹੋਣ ਤੋਂ ਬਾਅਦ ਆਈਪੀਐੱਲ ਨੇ ਪਿਛਲੇ ਸੀਜ਼ਨ 'ਚ ਵਾਪਸੀ ਕੀਤੀ ਤੇ ਇਸ ਖ਼ਿਤਾਬ ਨੂੰ ਆਪਣੇ ਨਾਂ ਕੀਤਾ।

Posted By: Susheel Khanna