ਗਲਾਸਗੋ (ਏਪੀ) : ਆਪਣਾ ਆਖ਼ਰੀ ਯੂਰੋ ਕੱਪ ਖੇਡ ਰਹੇ ਕਪਤਾਨ ਲੁਕਾ ਮਾਡਿ੍ਕ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਕ੍ਰੋਏਸ਼ੀਆ ਨੇ ਸਕਾਟਲੈਂਡ ਨੂੰ 3-1 ਨਾਲ ਮਾਤ ਦੇ ਕੇ ਯੂਰੋ ਕੱਪ ਦੇ ਆਖ਼ਰੀ-16 ਵਿਚ ਪ੍ਰਵੇਸ਼ ਕਰ ਲਿਆ। 35 ਸਾਲਾ ਮਾਡਿ੍ਕ ਨੇ 62ਵੇਂ ਮਿੰਟ ਵਿਚ ਗੋਲ ਕੀਤਾ। ਇਸ ਤੋਂ ਇਲਾਵਾ ਤਿੰਨ ਸਾਲ ਪਹਿਲਾਂ ਫੀਫਾ ਦੇ ਸਰਬੋਤਮ ਖਿਡਾਰੀ ਚੁਣੇ ਗਏ ਮਾਡਿ੍ਕ ਨੇ ਟੀਮ ਦੇ ਤੀਜੇ ਗੋਲ ਵਿਚ ਵੀ ਸੂਤਰਧਾਰ ਦੀ ਭੂਮਿਕਾ ਨਿਭਾਈ। ਉਹ ਹੁਣ ਯੂਰੋ ਕੱਪ ਵਿਚ ਗੋਲ ਕਰਨ ਵਾਲੇ ਸਭ ਤੋਂ ਨੌਜਵਾਨ ਤੇ ਸਭ ਤੋਂ ਉਮਰਦਰਾਜ ਖਿਡਾਰੀ ਵੀ ਬਣ ਗਏ ਹਨ।

ਉਨ੍ਹਾਂ ਨੇ 22 ਸਾਲ ਦੀ ਉਮਰ ਵਿਚ 2008 ਵਿਚ ਆਸਟ੍ਰੀਆ ਖ਼ਿਲਾਫ਼ ਗੋਲ ਕੀਤਾ ਸੀ ਤੇ ਇਸ ਵਾਰ ਗੋਲ ਕਰਦੇ ਸਮੇਂ ਉਨ੍ਹਾਂ ਦੀ ਉਮਰ 35 ਸਾਲ 286 ਦਿਨ ਦੀ ਸੀ। ਇਸ ਜਿੱਤ ਨਾਲ ਕ੍ਰੋਏਸ਼ੀਆ ਗਰੁੱਪ-ਡੀ ਵਿਚ ਦੂਜੇ ਸਥਾਨ 'ਤੇ ਰਿਹਾ। ਕ੍ਰੋਏਸ਼ੀਆ ਵੱਲੋਂ ਵਲਾਸਿਕ ਨੇ 17ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਹਾਲਾਂਕਿ ਪਹਿਲਾ ਅੱਧ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਸਕਾਟਲੈਂਡ ਵੱਲੋਂ ਕੈਲਮ ਮੈਕਗ੍ਰੇਗੋਰ ਨੇ 42ਵੇਂ ਮਿੰਟ ਵਿਚ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਦੂਜੇ ਅੱਧ ਵਿਚ ਕ੍ਰੋਏਸ਼ੀਆ ਨੇ ਹਮਲਾਵਰ ਖੇਡ ਦਿਖਾਈ ਤੇ ਮਾਡਿ੍ਕ ਨੇ 62ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਮੁੜ ਬੜ੍ਹਤ ਦਿਵਾ ਦਿੱਤੀ। ਇਸ ਤੋਂ ਕੁਝ ਸਮਾਂ ਬਾਅਦ ਪੈਰਿਸਿਕ ਨੇ 77ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਦੀ ਬੜ੍ਹਤ ਨੂੰ 3-1 ਕਰ ਦਿੱਤਾ। ਤੈਅ ਸਮੇਂ ਤਕ ਸਕਾਟਲੈਂਡ ਵਾਪਸੀ ਨਹੀਂ ਕਰ ਸਕਿਆ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸਟਰਲਿੰਗ ਨੇ ਦਿਵਾਈ ਇੰਗਲੈਂਡ ਨੂੰ ਜਿੱਤ

ਲੰਡਨ (ਏਪੀ) : ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਯੂਰੋ ਕੱਪ ਦੇ ਮੈਚ ਵਿਚ ਚੈੱਕ ਗਣਰਾਜ ਨੂੰ 1-0 ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਪਹਿਲਾਂ ਹੀ ਆਖ਼ਰੀ-16 ਵਿਚ ਥਾਂ ਪੱਕੀ ਕਰ ਚੁੱਕੀਆਂ ਹਨ। ਇੰਗਲੈਂਡ ਦੇ ਕੋਚ ਗੇਰੇਥ ਸਾਊਥਗੇਟ ਨੇ ਕਿਹਾ ਕਿ ਸਾਡਾ ਹਮੇਸ਼ਾ ਤੋਂ ਮੰਨਣਾ ਸੀ ਕਿ ਹੈਰੀ ਕੇਨ 'ਤੇ ਗੋਲ ਕਰਨ ਦਾ ਭਾਰ ਘੱਟ ਕੀਤਾ ਜਾਣਾ ਚਾਹੀਦਾ ਹੈ। ਕੇਨ ਕ੍ਰੋਏਸ਼ੀਆ ਤੇ ਸਕਾਟਲੈਂਡ ਖ਼ਿਲਾਫ਼ ਗੋਲ ਨਹੀਂ ਕਰ ਸਕੇ।

ਲੂਕ ਡੀ ਜੋਂਗ ਸੱਟ ਕਾਰਨ ਯੂਰੋ ਕੱਪ ਤੋਂ ਬਾਹਰ

ਲੰਡਨ (ਏਪੀ) : ਨੀਦਰਲੈਂਡ ਦੇ ਸਟ੍ਰਾਈਕਰ ਲੂਕ ਡੀ ਜੋਂਗ ਗੋਡੇ ਦੀ ਸੱਟ ਕਾਰਨ ਯੂਰੋ ਕੱਪ ਤੋਂ ਬਾਹਰ ਹੋ ਗਏ। ਡਚ ਫੁੱਟਬਾਲ ਮਹਾਸੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਟ੍ਰੇਨਿੰਗ ਦੌਰਾਨ ਡੀ ਜੋਂਗ ਦੇ ਗੋਡੇ ਵਿਚ ਸੱਟ ਲੱਗੀ ਤੇ ਉਹ ਟੀਮ ਦੇ ਟ੍ਰੇਨਿੰਗ ਕੈਂਪ ਨੂੰ ਛੱਡ ਕੇ ਚਲੇ ਗਏ। ਸੇਵੀਆ ਦੇ ਫਾਰਵਰਡ ਡੀ ਜੋਂਗ ਨੇ 38 ਮੈਚਾਂ ਵਿਚ ਨੀਦਰਲੈਂਡ ਦੀ ਨੁਮਾਇੰਦਗੀ ਕੀਤੀ ਹੈ। ਨੀਦਰਲੈਂਡ ਨੇ ਆਪਣੇ ਸਾਰੇ ਤਿੰਨ ਗਰੁੱਪ ਮੈਚ ਜਿੱਤੇ ਹਨ।