ਤੁਰਿਨ (ਪੀਟੀਆਈ) : ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਜੁਵੈਂਟਸ ਨੇ ਇਟਲੀ ਦੀ ਫੁੱਟਬਾਲ ਲੀਗ ਸੀਰੀ-ਏ ਵਿਚ ਕ੍ਰੋਟੋਨ ਨੂੰ 3-0 ਨਾਲ ਹਰਾ ਕੇ ਮੁੜ ਤੋਂ ਜਿੱਤ ਦਾ ਰਾਹ ਫੜ ਲਿਆ ਹੈ। ਰੋਨਾਲਡੋ ਨੇ ਪਹਿਲੇ ਅੱਧ ਦੇ 38ਵੇਂ ਮਿੰਟ ਪਹਿਲਾ ਗੋਲ ਕੀਤਾ ਤੇ ਫਿਰ ਇੰਜਰੀ ਟਾਈਮ ਵਿਚ ਦੂਜਾ ਗੋਲ ਕਰ ਕੇ ਜੁਵੈਂਟਸ ਨੂੰ ਪਹਿਲੇ ਅੱਧ ਤਕ 2-0 ਨਾਲ ਅੱਗੇ ਰੱਖਿਆ। ਟੀਮ ਵੱਲੋਂ ਤੀਜਾ ਗੋਲ ਵੇਸਟਨ ਮੈਕੇਨੀ ਨੇ 66ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਜੁਵੈਂਟਸ ਸੂਚੀ ਵਿਚ ਤੀਜੇ ਸਥਾਨ 'ਤੇ ਪੁੱਜ ਗਿਆ ਪਰ ਉਹ ਚੋਟੀ 'ਤੇ ਚੱਲ ਰਹੇ ਇੰਟਰ ਮਿਲਾਨ ਤੋਂ ਅੱਠ ਅੰਕ ਪਿੱਛੇ ਹੈ। ਇੰਟਰ ਮਿਲਾਨ ਦੇ 23 ਮੈਚਾਂ ਵਿਚ 53 ਤੇ ਜੁਵੈਂਟਸ ਦੇ 22 ਮੈਚਾਂ ਵਿਚ 45 ਅੰਕ ਹਨ। ਕ੍ਰੋਟੋਨ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ ਤੇ ਉਸ 'ਤੇ ਦੂਜੀ ਡਵੀਜ਼ਨ ਵਿਚ ਖਿਸਕਣ ਦਾ ਖ਼ਤਰਾ ਮੰਡਰਾ ਰਿਹਾ ਹੈ। ਜੁਵੈਂਟਸ ਦੀ ਟੀਮ ਨੂੰ ਇਸ ਜਿੱਤ ਦੀ ਸਖ਼ਤ ਲੋੜ ਸੀ ਕਿਉਂਕਿ ਉਸ ਲਈ ਪਿਛਲਾ ਹਫ਼ਤਾ ਨਿਰਾਸ਼ਾਜਨਕ ਰਿਹਾ ਸੀ। ਉਸ ਨੂੰ ਯੂਏਫਾ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਪੋਰਟੋ ਹੱਥੋਂ ਜਦਕਿ ਸੀਰੀ-ਏ ਵਿਚ ਨਾਪੋਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਓਮਾਨ ਤੇ ਯੂਏਈ ਨਾਲ ਦੋਸਤਾਨਾ ਮੁਕਾਬਲਾ ਖੇਡੇਗੀ ਭਾਰਤੀ ਟੀਮ

ਨਵੀਂ ਦਿੱਲੀ : ਭਾਰਤੀ ਮਰਦ ਫੁੱਟਬਾਲ ਟੀਮ ਓਮਾਨ ਖ਼ਿਲਾਫ਼ 25 ਮਾਰਚ ਨੂੰ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਖ਼ਿਲਾਫ਼ 29 ਮਾਰਚ ਨੂੰ ਦੋਸਤਾਨਾ ਮੈਚ ਖੇਡੇਗੀ। ਸਰਬ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਮੈਚ ਦੁਬਈ ਵਿਚ ਖੇਡੇ ਜਾਣਗੇ। ਭਾਰਤੀ ਟੀਮ ਨੇ ਨਵੰਬਰ 2019 ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਮੈਚ ਨਹੀਂ ਖੇਡਿਆ ਹੈ। ਉਸ ਨੇ ਤਦ ਫੀਫਾ ਵਿਸ਼ਵ 2022 ਦੇ ਕੁਆਲੀਫਾਇਰਜ਼ ਵਿਚ ਅਫ਼ਗਾਨਿਸਤਾਨ ਤੇ ਓਮਾਨ ਦਾ ਸਾਹਮਣਾ ਕੀਤਾ ਸੀ। ਭਾਰਤ ਨੇ ਹੁਣ ਤਕ ਕੁਆਲੀਫਾਇਰਜ਼ ਵਿਚ ਜੋ ਪੰਜ ਮੈਚ ਖੇਡੇ ਹਨ ਉਨ੍ਹਾਂ ਵਿਚ ਉਸ ਨੇ ਤਿੰਨ ਅੰਕ ਹਾਸਲ ਕੀਤੇ ਹਨ। ਓਮਾਨ ਤੇ ਯੂਏਈ ਖ਼ਿਲਾਫ਼ ਮਾਰਚ ਵਿਚ ਹੋਣ ਵਾਲੇ ਮੈਚਾਂ ਦੀਆਂ ਤਿਆਰੀਆਂ ਲਈ ਰਾਸ਼ਟਰੀ ਟੀਮ 15 ਮਾਰਚ ਤੋਂ ਕੈਂਪ ਵਿਚ ਹਿੱਸਾ ਲਵੇਗੀ।

Posted By: Susheel Khanna