ਮਾਨਚੈਸਟਰ (ਰਾਇਟਰ) : ਮਾਨਚੈਸਟਰ ਯੂਨਾਈਟਿਡ ਦੇ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਹੈ ਕਿ ਉਹ ਇਕ ਸਾਲ ਪਹਿਲਾਂ ਧੁਰ ਵਿਰੋਧੀ ਮਾਨਚੈਸਟਰ ਸਿਟੀ ਵਿਚ ਸ਼ਾਮਲ ਹੋਣ ਵਾਲੇ ਸਨ ਪਰ ਸਾਬਕਾ ਮੈਨੇਜਰ ਐਲੇਕਸ ਫਰਗਿਊਸਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਰੋਨਾਲਡੋ ਨੇ ਕਿਹਾ ਕਿ ਅਗਸਤ 2021 ਵਿਚ ਓਲਡ ਟਰੈਫਰਡ ਵਿਚ ਫਰਗਿਊਸਨ ਨੇ ਉਨ੍ਹਾਂ ਨੂੰ ਦੁਬਾਰਾ ਯੂਨਾਈਟਿਡ ਵਿਚ ਸ਼ਾਮਲ ਹੋਣ ਲਈ ਕਿਹਾ ਸੀ ਜਦ ਉਹ ਜੁਵੈਂਟਸ ਤੋਂ ਨਿਕਲ ਕੇ ਦੋ ਸਾਲ ਲਈ ਦੁਬਾਰਾ ਕਲੱਬ ਵਿਚ ਸ਼ਾਮਲ ਹੋਏ। 2003 ਤੋਂ 2009 ਵਿਚਾਲੇ ਰੋਨਾਲਡੋ ਨੇ ਮਾਨਚੈਸਟਰ ਯੂਨਾਈਟਿਡ ਵਿਚ ਰਹਿੰਦੇ ਹੋਏ ਅੱਠ ਵੱਡੇ ਟੂਰਨਾਮੈਂਟ ਜਿੱਤੇ ਸਨ।

ਬਿ੍ਟਿਸ਼ ਟੀਵੀ 'ਤੇ ਦਿੱਤੀ ਇਕ ਇੰਟਰਵਿਊ ਦੌਰਾਨ ਰੋਨਾਲਡੋ ਨੇ ਕਿਹਾ ਕਿ ਸੱਚ ਕਹਾਂ ਤਾਂ ਮੈਂ ਸਿਟੀ ਵਿਚ ਲਗਭਗ ਸ਼ਾਮਲ ਹੋਣ ਵਾਲਾ ਸੀ। ਇਹ ਇਕ ਅਜਿਹੀ ਚੀਜ਼ ਹੈ ਜਿਸ ਬਾਰੇ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਨੇ ਵੀ ਦੋ ਹਫ਼ਤੇ ਪਹਿਲਾਂ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਮੈਨੂੰ ਟੀਮ ਵਿਚ ਸ਼ਾਮਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਮਾਨਚੈਸਟਰ ਯੂਨਾਈਟਿਡ ਨਾਲ ਮੇਰਾ ਇਤਿਹਾਸ ਰਿਹਾ ਹੈ, ਇਸ ਕਾਰਨ ਭਾਵਨਾਵਾਂ ਦਾ ਅਸਰ ਤਾਂ ਹੋਵੇਗਾ ਹੀ। ਸਰ ਐਲੇਕਸ ਫਰਗਿਊਸਨ ਦੀ ਗੱਲ ਨੂੰ ਕਿਵੇਂ ਟਾਲ਼ ਸਕਦਾ ਸੀ। ਉਨ੍ਹਾਂ ਦੇ ਅਸਰ ਕਾਰਨ ਮੈਨੂੰ ਫ਼ੈਸਲਾ ਲੈਣ ਵਿਚ ਸਹਾਇਤਾ ਮਿਲੀ ਸੀ। ਮੈਂ ਹੈਰਾਨ ਸੀ ਪਰ ਇਹ ਇਕ ਸੋਚ ਸਮਝ ਕੇ ਲਿਆ ਗਿਆ ਫ਼ੈਸਲਾ ਸੀ।

Posted By: Gurinder Singh