ਸਿਡਨੀ (ਪੀਟੀਆਈ) : ਆਸਟ੍ਰੇਲੀਆ ਨੇ ਕੋਵਿਡ-19 ਨਾਲ ਜੁੜੀਆਂ ਸਰਕਾਰੀ ਯਾਤਰਾ ਪਾਬੰਦੀਆਂ ਕਾਰਨ ਸ਼ੁੱਕਰਵਾਰ ਨੂੰ ਐੱਫਆਈਐੱਚ (ਅੰਤਰਰਾਸ਼ਟਰੀ ਹਾਕੀ ਮਹਾਸੰਘ) ਦੇ ਕਈ ਟੂਰਨਾਮੈਂਟਾਂ ਤੋਂ ਹਟਣ ਦਾ ਐਲਾਨ ਕੀਤਾ ਜਿਸ ਵਿਚ ਇਸ ਸਾਲ ਦੇ ਆਖ਼ਰ ਵਿਚ ਭਾਰਤ ਵਿਚ ਹੋਣ ਵਾਲਾ ਜੂਨੀਅਰ ਮਰਦ ਹਾਕੀ ਵਿਸ਼ਵ ਕੱਪ ਵੀ ਸ਼ਾਮਲ ਹੈ। ਜੂਨੀਅਰ ਮਰਦ ਵਿਸ਼ਵ ਕੱਪ ਇਸ ਸਾਲ ਨਵੰਬਰ-ਦਸੰਬਰ ਵਿਚ ਖੇਡਿਆ ਜਾਵੇਗਾ। ਇਸ ਦੇ ਮੈਚਾਂ ਦੇ ਥਾਵਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਕੀ ਆਸਟ੍ਰੇਲੀਆ ਨੇ ਇਸ ਨਾਲ ਐਲਾਨ ਕੀਤਾ ਕਿ ਟੋਕੀਓ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਉਨ੍ਹਾਂ ਦੀ ਟੀਮ ਤੇ ਨਿਊਜ਼ੀਲੈਂਡ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਪ੍ਰਰੋ ਲੀਗ ਦੇ ਤੀਜੇ ਸੈਸ਼ਨ ਵਿਚ ਵੀ ਹਿੱਸਾ ਨਹੀਂ ਲੈਣਗੇ। ਹਾਕੀ ਆਸਟ੍ਰੇਲੀਆ ਨੇ ਕਿਹਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਦੇਸ਼ਾਂ ਵਿਚ ਕੋਵਿਡ ਸਬੰਧੀ ਸਰਕਾਰੀ ਯਾਤਰਾ ਪਾਬੰਦੀ ਤੇ ਗ਼ੈਰ ਯਕੀਨੀ ਨੂੰ ਦੇਖਦੇ ਹੋਏ ਐੱਫਆਈਐੱਚ ਪ੍ਰਰੋ ਲੀਗ (ਅਕਤੂਬਰ 2021 ਵਿਚ ਸ਼ੁਰੂ ਹੋਣ ਵਾਲੀ) ਦੇ ਤੀਜੇ ਸੈਸ਼ਨ ਵਿਚ ਹਿੱਸਾ ਨਹੀਂ ਲੈਣਗੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਕੋਵਿਡ-19 ਕੁਆਰੰਟਾਈਨ ਨਾਲ ਜੁੜੇ ਸਖ਼ਤ ਨਿਯਮ ਹਨ ਜਿਸ ਨਾਲ ਉਨ੍ਹਾਂ ਲਈ ਹੋਰ ਟੀਮਾਂ ਦੀ ਮੇਜ਼ਬਾਨੀ ਕਰਨਾ ਬਹੁਤ ਮੁਸ਼ਕਲ ਬਣ ਗਿਆ ਹੈ।

Posted By: Jatinder Singh