Graffiti of PV Sindhu and Saina Nehwal: ਜਤਿੰਦਰ ਪੰਮੀ, ਜਲੰਧਰ : ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲਾਕ੍ਰਿਤੀਆਂ ਨਾ ਸਿਰਫ਼ ਲੜਕੀਆਂ ਸਗੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਲਈ ਪ੍ਰੇਰਿਤ ਕਰਨਗੀਆਂ। ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣਾਈਆਂ ਗਈਆਂ ਇਹ ਕਲਾਕ੍ਰਿਤਿਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੇਕਰ ਅਸੀਂ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਦਾ ਮੌਕਾ ਦਿੰਦੇ ਹਾਂ ਤਾਂ ਉਹ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਚਮਕਾ ਸਕਦੀਆਂ ਹਨ। ਉਨ੍ਹਾਂ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਬੇਟੀ ਖਿਡਾਓ ਦਾ ਨਾਅਰਾ ਵੀ ਦਿੱਤਾ।

ਡਿਪਟੀ ਕਮਿਸ਼ਨਰ ਨੇ ਹੰਸਰਾਜ ਸਟੇਡੀਅਮ ਵਿੱਚ ਚੱਲ ਰਹੀ ਓਲੰਪੀਅਨ ਦਿਪਾਂਕਰ ਭੱਟਾਚਾਰਜੀ ਬੈਡਮਿੰਟਨ ਅਕੈਡਮੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਅਕੈਡਮੀ ਵੱਲੋਂ ਬੀਪੀਐਲ (ਗਰੀਬ ਪਰਿਵਾਰਾਂ) ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਟਰੇਨਿੰਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਉਂਕਿ ਬੈਡਮਿੰਟਨ ਇਕ ਮਹਿੰਗੀ ਗੇਮ ਹੈ, ਇਸ ਲਈ ਬੀਪੀਐਲ ਪਰਿਵਾਰਾਂ ਦੇ ਜਿਹੜੇ ਬੱਚੇ ਅਕੈਡਮੀ ਵਿਚ ਅਗਾਮੀ ਟਰਾਇਲਾਂ ਵਿੱਚ ਪਾਸ ਹੋਣਗੇ, ਉਨ੍ਹਾਂ ਨੂੰ ਅਕੈਡਮੀ ਬਿਨਾਂ ਕਿਸੇ ਫੀਸ ਤੋਂ ਮੁਫ਼ਤ ਟਰੇਨਿੰਗ ਦੇਵੇਗੀ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਕੈਡਮੀ ਦੇ 30 ਸਿਖਿਆਰਥੀਆਂ ਨੂੰ ਕੋਰੋਨਾ ਵਾਰੀਅਰਜ਼ ਦੇ ਸਰਟੀਫਿਕੇਟ ਦਿੱਤੇ, ਜਿਨ੍ਹਾਂ ਕੋਰੋਨਾ ਮਹਾਮਾਰੀ ਦੌਰਾਨ ਆਨਲਾਕ-1 ਤਹਿਤ ਆਪਣੀ ਟਰੇਨਿੰਗ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਮੈਨੇਜਮੈਂਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਇਕਲੌਤਾ ਸਟੇਡੀਅਮ ਸੀ, ਜਿਸ ਨੇ ਅਨਲਾਕ-1 ਦੌਰਾਨ 3 ਜੂਨ ਤੋਂ ਖਿਡਾਰੀਆਂ ਦੀ ਟਰੇਨਿੰਗ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਦੌਰਾਨ ਸੁਰੱਖਿਆ ਸਾਵਧਾਨੀਆਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਗਿਆ। ਇਸ ਮੌਕੇ ਅੰਤਰਿਮ ਕਮੇਟੀ ਦੇ ਮੈਂਬਰ ਰਾਕੇਸ਼ ਖੰਨਾ, ਅਮਨ ਮਿੱਤਲ ਅਤੇ ਰਿਤਿਨ ਖੰਨਾ ਵੀ ਮੌਜੂਦ ਸਨ।

ਸਾਇਨਾ ਅਤੇ ਸਿੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦਾ ਕੀਤਾ ਧੰਨਵਾਦ

ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਟੈਨਿਸ ਸਟਾਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੀ ਗ੍ਰੈਫਿਟੀ ਬਣਾਉਣ 'ਤੇ ਦੋਵੇਂ ਮਹਾਨ ਖਿਡਾਰਨਾਂ ਨੇ ਜਲੰਧਰ ਪ੍ਰਸ਼ਾਸਨ ਅਤੇ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਦੋਵੇਂ ਖਿਡਾਰਨਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਇਸ ਸਨਮਾਨ ਲਈ ਉਹ ਧੰਨਵਾਦ ਕਰਦੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੈਡਮਿੰਟਨ ਤੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ। ਨੇਹਵਾਲ ਨੇ ਸਟੇਡੀਅਮ ਵਿੱਚ ਬਣਾਈ ਗਈ ਉਨ੍ਹਾਂ ਦੀ ਗ੍ਰੈਫਿਟੀ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਵੀ ਕੀਤੀ ਹੈ।

Posted By: Seema Anand