ਨਵੀਂ ਦਿੱਲੀ (ਜੇਐੱਨਐੱਨ) : ਪੂਰੇ ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦਾ ਅਸਰ ਖੇਡਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਦੇਸ਼ ਵਿਚ ਨੌਂ ਅਪ੍ਰਰੈਲ ਤੋਂ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਕਰਵਾਇਆ ਜਾਣਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਆਈਪੀਐੱਲ ਤੋਂ ਵੀ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਈਪੀਐੱਲ ਵਿਚ ਨਵਾਂ ਮਾਮਲਾ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਆਸਟ੍ਰੇਲਿਆਈ ਹਰਫ਼ਨਮੌਲਾ ਡੇਨੀਅਲ ਸੈਮਜ਼ ਦੇ ਰੂਪ ਵਿਚ ਸਾਹਮਣੇ ਆਇਆ ਹੈ ਜੋ ਬੁੱਧਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ। ਹਾਲਾਂਕਿ ਆਰਸੀਬੀ ਲਈ ਰਾਹਤ ਦੀ ਗੱਲ ਇਹ ਹੈ ਕਿ ਪਹਿਲੇ ਪਾਜ਼ੇਟਿਵ ਪਾਏ ਗਏ ਉਸ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਹੁਣ ਨਵੇਂ ਗੇੜ ਦੀ ਜਾਂਚ ਵਿਚ ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਭਾਰਤ ਦੇ ਦੋ ਜੂਡੋ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਭਾਰਤ ਦੀ 15 ਮੈਂਬਰੀ ਜੂਡੋ ਟੀਮ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚੱਲ ਰਹੇ ਏਸ਼ੀਆ-ਓਸੀਆਨਾ ਓਲੰਪਿਕ ਕੁਆਲੀਫਾਇਰ 'ਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਹੈ। ਭਾਰਤੀ ਖੇਡ ਅਥਾਰਟੀ (ਸਾਈ) ਦੇ ਭੋਪਾਲ ਕੇਂਦਰ ਵਿਚ 24 ਖਿਡਾਰੀ ਤੇ ਸਹਿਯੋਗੀ ਸਟਾਫ ਦੇ 12 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ।

ਪਡੀਕਲ ਠੀਕ ਹੋਏ ਤਾਂ ਸੈਮਜ਼ ਪਾਜ਼ੇਟਿਵ ਨਿਕਲੇ

ਆਰਸੀਬੀ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਟੀਮ ਨਾਲ ਜੁੜ ਗਏ ਹਨ ਪਰ ਉਸ ਦੇ ਆਸਟ੍ਰੇਲਿਆਈ ਹਰਫ਼ਨਮੌਲਾ ਡੇਨੀਅਲ ਸੈਮਜ਼ ਬੁੱਧਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਆਰਸੀਬੀ ਮੁਤਾਬਕ 28 ਸਾਲ ਦੇ ਆਸਟ੍ਰੇਲਿਆਈ ਹਰਫ਼ਨਮੌਲਾ ਸੈਮਜ਼ ਤਿੰਨ ਅਪ੍ਰਰੈਲ ਨੂੰ ਭਾਰਤ ਪੁੱਜੇ ਸਨ ਤੇ ਉਸ ਸਮੇਂ ਉਨ੍ਹਾਂ ਕੋਲ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਸੀ। ਆਰਸੀਬੀ ਨੇ ਕਿਹਾ ਕਿ ਉਨ੍ਹਾਂ ਦੇ ਸੱਤ ਅਪ੍ਰਰੈਲ ਨੂੰ ਹੋਏ ਦੂਜੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੈਮਜ਼ ਵਿਚ ਅਜੇ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ ਹਨ ਤੇ ਉਹ ਤੈਅ ਮੈਡੀਕਲ ਸਹੂਲਤ ਵਿਚ ਕੁਆਰੰਟਾਈਨ 'ਚ ਹਨ। ਆਰਸੀਬੀ ਦੀ ਮੈਡੀਕਲ ਟੀਮ ਲਗਾਤਾਰ ਡੇਨੀਅਲ ਸੈਮਜ਼ ਦੇ ਸੰਪਰਕ ਵਿਚ ਹੈ ਤੇ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੇਗੀ ਤੇ ਬਾਸੀਸੀਆਈ ਦੇ ਨਿਯਮਾਂ ਦਾ ਪਾਲਣ ਕਰੇਗੀ। ਆਰਸੀਬੀ ਨੇ ਦਿੱਲੀ ਕੈਪੀਟਲਜ਼ ਤੋਂ ਸੈਮਜ਼ ਨੂੰ ਆਪਣੇ ਨਾਲ ਜੋੜਿਆ ਸੀ। ਉਹ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਤੋਂ ਬਾਅਦ ਆਰਸੀਬੀ ਦੇ ਦੂਜੇ ਖਿਡਾਰੀ ਹਨ ਜੋ ਇਸ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਹਨ। ਨਵੇਂ ਟੈਸਟ ਵਿਚ ਪਡੀਕਲ ਨੈਗੇਟਿਵ ਪਾਏ ਗਏ ਹਨ। 20 ਸਾਲ ਦੇ ਬੱਲੇਬਾਜ਼ ਪਡੀਕਲ 22 ਮਾਰਚ ਨੂੰ ਹੋਏ ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਪਣੇ ਘਰ ਵਿਚ ਕੁਆਰੰਟਾਈਨ ਵਿਚ ਸਨ। ਉਹ ਪਿਛਲੇ ਸੈਸ਼ਨ ਵਿਚ 15 ਮੈਚਾਂ ਵਿਚ 473 ਦੌੜਾਂ ਦੇ ਨਾਲ ਆਰਸੀਬੀ ਦੇ ਸਿਖਰਲੇ ਸਕੋਰਰ ਸਨ।

ਦੋ ਖਿਡਾਰੀ ਆਏ ਪਾਜ਼ੇਟਿਵ, ਓਲੰਪਿਕ ਕੁਆਲੀਫਾਇਰ ਤੋਂ ਹਟੀ ਭਾਰਤੀ ਟੀਮ

ਭਾਰਤ ਦੀ 15 ਮੈਂਬਰੀ ਜੂਡੋ ਟੀਮ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚੱਲ ਰਹੇ ਏਸ਼ੀਆ ਓਸੀਆਨਾ ਓਲੰਪਿਕ ਕੁਆਲੀਫਾਇਰ ਤੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਜਦ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਉਸ ਦੇ ਦੋ ਖਿਡਾਰੀ ਅਜੇ ਯਾਦਵ ਤੇ ਰਿਤੂ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਕਿਰਗਿਸਤਾਨ ਵਿਚ ਪੁੱਜਣ ਤੋਂ ਬਾਅਦ ਦੂਜੇ ਟੈਸਟ ਵਿਚ ਯਾਦਵ (73 ਕਿਲੋਗ੍ਰਾਮ) ਤੇ ਰਿਤੂ (52 ਕਿਲੋਗ੍ਰਾਮ) ਨੂੰ ਪਾਜ਼ੇਟਿਵ ਪਾਇਆ ਗਿਆ। ਸਾਰੇ 15 ਜੂਡੋ ਖਿਡਾਰੀ ਤੇ ਚਾਰ ਕੋਚ ਕਿਰਗਿਸਤਾਨ ਪੁੱਜਣ ਤੋਂ ਬਾਅਦ ਹੋਏ ਪਹਿਲੇ ਟੈਸਟ ਵਿਚ ਨੈਗੇਟਿਵ ਪਾਏ ਗਏ ਸਨ। ਭਾਰਤ ਦੀ ਪੂਰੀ ਟੀਮ ਹੁਣ ਬਿਸ਼ਕੇਕ ਦੇ ਇਕ ਹੋਟਲ ਵਿਚ ਕੁਆਰੰਟਾਈਨ ਹੈ।

ਸਾਈ ਭੋਪਾਲ 'ਚ 24 ਐਥਲੀਟਾਂ ਸਮੇਤ 36 ਪਾਜ਼ੇਟਿਵ

ਭਾਰਤੀ ਖੇਡ ਅਥਾਰਿਟੀ (ਸਾਈ) ਦੇ ਭੋਪਾਲ ਕੇਂਦਰ ਵਿਚ 24 ਖਿਡਾਰੀ ਤੇ ਸਹਿਯੋਗੀ ਸਟਾਫ ਦੇ 12 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਐਥਲੀਟ ਨਹੀਂ ਹੈ। ਸਾਈ ਮੁਤਾਬਕ ਤਿੰਨ ਤੇ ਛੇ ਅਪ੍ਰਰੈਲ ਨੂੰ ਅਹਿਤਿਆਸ ਵਜੋਂ ਦੋ ਗੇੜ ਵਿਚ ਜਾਂਚ ਕਰਵਾਈ ਗਈ ਸੀ ਜਿਸ ਤੋਂ ਬਾਅਦ ਇਹ ਮਾਮਲੇ ਸਾਹਮਣੇ ਆਏ ਹਨ। ਸਾਈ ਭੋਪਾਲ ਕੇਂਦਰ ਵਿਚ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਸੰਭਾਵਿਤ ਖਿਡਾਰੀ ਨਹੀਂ ਰਹਿੰਦੇ ਹਨ।