ਮੋਨਾਕੋ : ਵਿਸ਼ਵ ਦੀ ਦੂਜੀ ਰੈਂਕਿੰਗ ਵਾਲੇ ਟੈਨਿਸ ਖਿਡਾਰੀ ਡੇਨਿਲ ਮੇਦਵੇਦੇਵ ਨੇ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੋਂਟੇ ਕਾਰਲੋ ਮਾਸਟਰਜ਼ ਟੈਨਿਸ ਤੋਂ ਨਾਂ ਵਾਪਸ ਲੈ ਲਿਆ ਹੈ। ਏਟੀਪੀ ਨੇ ਕਿਹਾ ਕਿ ਮੇਦਵੇਦੇਵ ਕੁਆਰੰਟਾਈਨ ਵਿਚ ਹਨ। ਟੂਰਨਾਮੈਂਟ ਡਾਇਰੈਕਟਰ ਤੇ ਏਟੀਪੀ ਮੈਡੀਕਲ ਟੀਮ ਨੇ ਉਨ੍ਹਾਂ 'ਤੇ ਨਜ਼ਰ ਰੱਖੀ ਹੋਈ ਹੈ।

ਸਿਧਾਰਥ ਹੋਣਗੇ ਨਾਡਾ ਦੇ ਡਾਇਰੈਕਟਰ ਜਨਰਲ

ਨਵੀਂ ਦਿੱਲੀ : ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਸਿਧਾਰਥ ਸਿੰਘ ਲੋਂਗਜਾਮ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਗਲੇ ਡਾਇਰੈਕਟਰ ਜਨਰਲ ਹੋਣਗੇ। ਉਹ ਨਵੀਨ ਅਗਰਵਾਲ ਦੀ ਥਾਂ ਲੈਣਗੇ। ਲੋਂਗਜਾਮ ਅਜੇ ਖੇਡ ਮੰਤਰਾਲੇ ਵਿਚ ਸੰਯੁਕਤ ਸਕੱਤਰ ਹਨ ਤੇ ਅਜੇ ਮੁਅੱਤਲ ਚੱਲ ਰਹੀ ਰਾਸ਼ਟਰੀ ਡੋਪ ਜਾਂਚ ਲੈਬਾਰਟਰੀ ਦੇ ਸੀਈਓ ਦੀ ਭੂਮਿਕਾ ਵੀ ਨਿਭਾਅ ਰਹੇ ਹਨ।

ਹਾਕੀ ਇੰਡੀਆ ਨੇ ਦੁੱਖ ਕੀਤਾ ਜ਼ਾਹਰ

ਨਵੀਂ ਦਿੱਲੀ : ਹਾਕੀ ਇੰਡੀਆ ਨੇ ਮੰਗਲਵਾਰ ਨੂੰ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ। 88 ਸਾਲਾ ਬਲਬੀਰ ਦਾ ਦੇਹਾਂਤ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ। ਬਲਬੀਰ 1958 ਵਿਚ ਜਾਪਾਨ ਦੇ ਟੋਕੀਓ ਵਿਚ ਕਰਵਾਈਆਂ ਏਸ਼ਿਆਈ ਖੇਡਾਂ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ।

ਰੈਨਾ ਦੀ ਆਵੇਗੀ ਕਿਤਾਬ

ਨਵੀਂ ਦਿੱਲੀ : ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਦੀ ਇਸ ਸਾਲ ਮਈ ਵਿਚ ਬਿਲੀਵ (ਵਿਸ਼ਵਾਸ) ਦੇ ਨਾਂ ਨਾਲ ਕਿਤਾਬ ਜਾਰੀ ਹੋਵੇਗੀ ਜਿਸ ਵਿਚ ਉਹ ਆਪਣੇ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਨੇ ਇਸ ਕਿਤਾਬ ਵਿਚ ਦੱਸਿਆ ਹੈ ਕਿ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਇਕ ਮੰਤਰ ਦਿੱਤਾ ਸੀ ਜਿਸ ਦੇ ਦਮ 'ਤੇ ਉਹ ਇਸ ਮੁਕਾਮ ਤਕ ਪੁੱਜੇ। ਸਚਿਨ ਨੇ ਉਨ੍ਹਾਂ ਨੂੰ ਬਿਲੀਵ ਦਾ ਮੰਤਰ ਦਿੱਤਾ ਸੀ ਤੇ ਉਨ੍ਹਾਂ ਨੇ ਇਸ ਨੂੰ ਦਿਲ 'ਤੇ ਲੈ ਲਿਆ ਤੇ ਇਹ ਉਨ੍ਹਾਂ ਦੇ ਹੱਥ ਵਿਚ ਟੈਟੂ ਦੇ ਰੂਪ ਵਿਚ ਵੀ ਲਿਖਿਆ ਹੋਇਆ ਹੈ।