ਨਵੀਂ ਦਿੱਲੀ : ਏਸ਼ੀਅਨ ਪੈਰਾ ਗੇਮਜ਼ ਦੇ ਗੋਲਡ ਮੈਡਲ ਜੇਤੂ ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਕੋਰੋਨਾ ਟੈਸਟ 'ਚ ਪਾਜ਼ੇਟਿਵ ਪਾਏ ਗਏ। ਉਨ੍ਹਾਂ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਸ਼ੁਰੂਆਤੀ ਲੱਛਣਾਂ 'ਤੇ ਜਾਂਚ ਕਰਵਾਉਣ ਤੋਂ ਬਾਅਦ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਅਜੇ ਹਸਪਤਾਲ 'ਚ ਹਾਂ ਤੇ ਮੇਰੀ ਤਬੀਅਤ ਠੀਕ ਹੈ।

ਲਾਹਿੜੀ ਕੋਵਿਡ-19 ਦੀ ਲਪੇਟ 'ਚ

ਹਿਲਟਨ ਹੈੱਡ ਆਈਲੈਂਡ : ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਜਿਸ ਕਾਰਨ ਉਹ ਪੀਜੀਏ ਟੂਰ 'ਤੇ ਘਟੋ-ਘੱਟ ਦੋ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈ ਸਕਣਗੇ। ਲਾਹਿੜੀ ਨੂੰ ਸ਼ਨਿਚਰਵਾਰ ਨੂੁੰ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਮਿਲੀ ਸੀ ਤੇ ਉਹ ਉਦੋਂ ਤੋਂ ਕੁਆਰੰਟਾਈਨ 'ਚ ਹਨ। 33 ਸਾਲ ਦੇ ਲਾਹਿੜੀ ਨੇ ਵਾਲੇਰੋ ਟੈਕਸਾਸ ਓਪਨ 'ਚ ਪੰਜਵੇਂ ਸਥਾਨ 'ਤੇ ਰਹਿੰਦੇ ਹੋਏ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ ਸਨ। ਹਾਲ ਹੀ 'ਚ ਚੋਟੀ ਦੇ ਪੰਜ ਗੋਲਫਰਾਂ 'ਚ ਜਗ੍ਹਾ ਬਣਾਉਣ ਦੇ ਨਾਲ ਲਾਹਿੜੀ ਨੇ ਟੋਕੀਓ ਓਲੰਪਿਕ 'ਚ ਜਗ੍ਹਾ ਬਣਾਉਣ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਉਹ ਇਕ ਜਾਂ ਦੋ ਟੂਰਨਾਮੈਂਟ ਬਾਹਰ ਰਹਿਣ ਦੇ ਬਾਵਜੂਦ ਅਪ੍ਰਰੈਲ 'ਚ ਵੇਲਸ ਫਾਰਗੋ ਟੂਰਨਾਮੈਂਟ ਨਾਲ ਵਾਪਸੀ ਕਰ ਸਕਦੇ ਹਨ ਤੇ ਫਿਰ ਬਾਇਰਨ ਨੈਲਸਨ ਮੁਕਾਬਲੇ 'ਚ ਹਿੱਸਾ ਲੈਣਗੇ। ਓਲੰਪਿਕ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਇਸ ਤੋਂ ਬਾਅਦ ਕੁਝ ਹੋਰ ਟੂਰਨਾਮੈਂਟਾਂ 'ਚ ਖੇਡਣ ਦਾ ਮੌਕਾ ਮਿਲੇਗਾ।