ਸੁਪਰ ਹੈਵੀਵੇਟ ਮੁਕਾਬਲੇ (+91 ਕਿਲੋਗ੍ਰਾਮ) ਵਿਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ ਦਾ ਮੰਨਣਾ ਹੈ ਕਿ ਜਦ ਕੋਰੋਨਾ ਤੋਂ ਬਾਅਦ ਮੁੱਕੇਬਾਜ਼ੀ ਸ਼ੁਰੂ ਹੋਵੇਗੀ ਤਾਂ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਚੰਗਾ ਹੈ ਕਿ ਉਨ੍ਹਾਂ ਦੇ ਸਾਹਮਣੇ ਹੱਥ ਜੋੜ ਕੇ ਨਮਸਤੇ ਕੀਤੀ ਜਾਵੇ। 31 ਸਾਲਾ ਸਤੀਸ਼ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਨੇ 2014 ਏਸ਼ੀਅਨ ਖੇਡਾਂ ਵਿਚ ਕਾਂਸੇ ਦਾ ਮੈਡਲ ਵੀ ਜਿੱਤਿਆ ਸੀ। ਸਤੀਸ਼ ਕੁਮਾਰ ਨਾਲ ਯੋਗੇਸ਼ ਸ਼ਰਮਾ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਦੇਸ਼ 'ਚ ਅਜੇ ਲਾਕਡਾਊਨ ਚੱਲ ਰਿਹਾ ਹੈ ਤੇ ਇਸ ਕਾਰਨ ਤੁਸੀਂ ਕਿਵੇਂ ਟ੍ਰੇਨਿੰਗ ਕਰ ਰਹੇ ਹੋ?

-ਮੈਂ ਅਜੇ ਤਾਂ ਘਰ 'ਤੇ ਹੀ ਟ੍ਰੇਨਿੰਗ ਕਰ ਰਿਹਾ ਹਾਂ ਪਰ ਇਹ ਉਸ ਵਰਗੀ ਨਹੀਂ ਹੈ ਜੋ ਰਾਸ਼ਟਰੀ ਕੈਂਪ ਵਿਚ ਹੁੰਦੀ ਹੈ। ਮੈਂ ਚਾਹੁੰਦਾ ਹਾਂ ਕਿ ਜਲਦ ਤੋਂ ਜਲਦ ਕੈਂਪ ਖੋਲ੍ਹ ਦਿੱਤੇ ਜਾਣ ਕਿਉਂਕਿ ਇਸ ਨਾਲ ਸਾਨੂੰ ਓਲੰਪਿਕ ਦੀ ਤਿਆਰੀ ਕਰਨ ਵਿਚ ਮਦਦ ਮਿਲੇਗੀ।

-ਇਸ ਲਾਕਡਾਊਨ ਦੇ ਸਮੇਂ ਨੂੰ ਕਿਵੇਂ ਬਤੀਤ ਕਰ ਰਹੇ ਹੋ?

-ਮੈਨੂੰ ਬੱਚਿਆਂ ਨਾਲ ਸਮਾਂ ਬਤੀਤ ਕਰਨ ਦਾ ਜ਼ਿਆਦਾ ਸਮਾਂ ਨਹੀਂ ਮਿਲਦਾ ਸੀ ਪਰ ਹੁਣ ਉਨ੍ਹਾਂ ਨਾਲ ਕੁਝ ਖੇਡ ਖੇਡਦਾ ਹਾਂ ਤੇ ਉਨ੍ਹਾਂ ਨੂੰ ਪੜ੍ਹਾਉਂਦਾ ਵੀ ਹਾਂ।

-ਟੋਕੀਓ ਓਲੰਪਿਕ ਅਗਲੇ ਸਾਲ ਲਈ ਟਲ਼ ਗਿਆ ਹੈ ਤੇ ਕੀ ਇਸ ਨਾਲ ਤੁਹਾਡੀ ਖੇਡ 'ਤੇ ਕੋਈ ਅਸਰ ਪਵੇਗਾ?

-ਓਲੰਪਿਕ ਮੁਲਤਵੀ ਹੋਣ ਨਾਲ ਕੁਝ ਨੁਕਸਾਨ ਹੋਇਆ ਹੈ ਕਿਉਂਕਿ ਉਸ ਸਮੇਂ ਮੈਂ ਚੰਗੀ ਲੈਅ ਵਿਚ ਸੀ ਤੇ ਇਸ ਦਾ ਫ਼ਾਇਦਾ ਓਲੰਪਿਕ ਵਿਚ ਵੀ ਮਿਲਦਾ। ਹੁਣ ਦੁਬਾਰਾ ਲੈਅ ਹਾਸਲ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਵੇਗੀ।

-ਮੁੱਕੇਬਾਜ਼ੀ ਬਾਡੀ ਟਚ ਖੇਡ ਹੈ ਤੇ ਜਦ ਇਹ ਕੋਰੋਨਾ ਤੋਂ ਬਾਅਦ ਸ਼ੁਰੂ ਹੋਵੇਗੀ ਤਾਂ ਕੀ ਇਸ ਵਿਚ ਤਬਦੀਲੀ ਦੇਖੋਗੇ?

-ਮੁੱਕੇਬਾਜ਼ੀ ਜਦ ਸ਼ੁਰੂ ਹੋਵੇਗੀ ਤਾਂ ਮਾਹੌਲ ਤਾਂ ਕੁਝ ਵੱਖ ਹੀ ਹੋਵੇਗਾ। ਉਂਜ ਜਦ ਵੀ ਅਸੀਂ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਖੇਡਣ ਜਾਂਦੇ ਹਾਂ ਤਾਂ ਸਾਡਾ ਮੈਡੀਕਲ ਟੈਸਟ ਹੁੰਦਾ ਹੈ ਪਰ ਮੈਨੂੰ ਅਜੇ ਨਹੀਂ ਪਤਾ ਕਿ ਖੇਡ ਸ਼ੁਰੂ ਹੋਣ ਤੋਂ ਬਾਅਦ ਸਾਡਾ ਕੋਰੋਨਾ ਟੈਸਟ ਵੀ ਹੋਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਸਰੀਰਕ ਦੂਰੀ ਦਾ ਪਾਲਣ ਕਿਵੇਂ ਹੋਵੇਗਾ? ਪਰ ਮੈਨੂੰ ਲਗਦਾ ਹੈ ਕਿ ਇਸ ਖੇਡ ਨੂੰ ਸ਼ੁਰੂ ਕਰਵਾਉਣ ਲਈ ਵਿਸ਼ਵ ਮੁੱਕੇਬਾਜ਼ੀ ਮਹਾਸੰਘ ਕੁਝ ਜ਼ਰੂਰੀ ਕਦਮ ਉਠਾਏਗਾ। ਮੁੱਕੇਬਾਜ਼ੀ ਸ਼ੁਰੂ ਹੋਣ ਤੋਂ ਬਾਅਦ ਕੁਝ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

-ਜਦ ਖੇਡ ਸ਼ੁਰੂ ਹੋਣਗੇ ਤਾਂ ਤੁਸੀਂ ਕਿਸੇ ਖਿਡਾਰੀ ਨਾਲ ਹੱਥ ਮਿਲਾਓਗੇ?

-ਜਿਵੇਂ ਕਿਹਾ ਜਾ ਰਿਹਾ ਹੈ ਕਿ ਸਰੀਰਕ ਦੂਰੀ ਦਾ ਧਿਆਨ ਰੱਖਿਆ ਜਾਵੇ ਤੇ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਹੈ ਤੇ ਇਸ ਕਾਰਨ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਕਿਸੇ ਦੂਜੇ ਖਿਡਾਰੀ ਨਾਲ ਹੱਥ ਨਾ ਮਿਲਾਇਆ ਜਾਵੇ ਤੇ ਇਸ ਕਾਰਨ ਹੱਥ ਜੋੜ ਕੇ ਨਮਸਤੇ ਕਰਨਾ ਹੀ ਸਭ ਤੋਂ ਸਹੀ ਬਦਲ ਰਹੇਗਾ।

-ਬੀਐੱਫਆਈ ਨੇ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਹੈ ਤੇ ਕੀ ਇਸ ਨਾਲ ਕੁਝ ਫ਼ਾਇਦਾ ਹੋਇਆ ਹੈ?

-ਆਨਲਾਈਨ ਕੋਚਿੰਗ ਨਾਲ ਸਾਨੂੰ ਫ਼ਾਇਦਾ ਹੋ ਰਿਹਾ ਹੈ। ਆਨਲਾਈਨ ਕੋਚਿੰਗ ਵਿਚ ਸਾਨੂੰ ਹਰ ਰੋਜ਼ ਦੇ ਹਿਸਾਬ ਨਾਲ ਕੰਮ ਦਿੱਤਾ ਜਾਂਦਾ ਹੈ। ਹਰ ਰੋਜ਼ ਵੱਖ-ਵੱਖ ਕਸਰਤ ਹੁੰਦੀ ਹੈ ਤੇ ਕੁਝ ਮੁੱਕੇਬਾਜ਼ੀ ਨੂੰ ਲੈ ਕੇ ਵੀ ਜਾਣਕਾਰੀ ਹੁੰਦੀ ਹੈ। ਇਸ ਸਮੇਂ ਇਹ ਚੰਗਾ ਹੈ।

ਸਾਰੇ ਖਿਡਾਰੀਆਂ ਦਾ ਰੱਖਿਆ ਜਾਣਾ ਚਾਹੀਦੈ ਧਿਆਨ :

ਬੀਸੀਸੀਆਈ ਦੇ ਕੋਲ ਪੈਸੇ ਦੀ ਕਮੀ ਨਹੀਂ ਹੈ ਤੇ ਕ੍ਰਿਕਟਰਾਂ ਕੋਲ ਵੀ ਚੰਗਾ ਪੈਸਾ ਹੈ ਪਰ ਮੁੱਕੇਬਾਜ਼ੀ ਤੋਂ ਇਲਾਵਾ ਵੀ ਕਈ ਅਜਿਹੇ ਖੇਡ ਹਨ ਜਿੱਥੇ ਖਿਡਾਰੀਆਂ ਕੋਲ ਆਪੋ-ਆਪਣੀ ਖੇਡ ਵਿਚ ਟ੍ਰੇਨਿੰਗ ਲਈ ਸਾਧਨ ਤਕ ਨਹੀਂ ਹਨ। ਇਸ ਕਾਰਨ ਇਨ੍ਹਾਂ ਖਿਡਾਰੀਆਂ ਦਾ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਹੈ ਤੇ ਬੀਐੱਫਆਈ ਹੀ ਨਹੀਂ ਸਾਰੇ ਮਹਾਸੰਘਾਂ ਨੂੰ ਆਪੋ-ਆਪਣੇ ਖਿਡਾਰੀਆਂ ਦੀ ਆਰਥਕ ਤੌਰ 'ਤੇ ਮਦਦ ਵੀ ਕਰਨੀ ਚਾਹੀਦੀ ਹੈ।