ਟੋਕੀਓ (ਏਪੀ) : ਜਾਪਾਨ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਟੋਕੀਓ ਓਲੰਪਿਕ ਮਸ਼ਾਲ ਰਿਲੇਅ ਦੇ ਪ੍ਰੋਗਰਾਮ ਵਿਚ ਤਬਦੀਲੀ ਕੀਤੀ ਗਈ ਹੈ। ਮਸ਼ਾਲ ਰਿਲੇਅ ਨੇ ਇਸ ਹਫ਼ਤੇ ਦੇ ਅੰਤ ਵਿਚ ਦੱਖਣੀ ਦੀਪ ਓਕੀਨਾਵਾ ਤੋਂ ਗੁਜ਼ਰਨਾ ਸੀ। ਕੋਵਿਡ-19 ਮਾਮਲਿਆਂ ਕਾਰਨ ਐਤਵਾਰ ਨੂੰ ਸੂਬੇ ਦੇ ਮਿਆਕੋਜਿਮਾ ਤੋਂ ਗੁਜ਼ਰਨ ਵਾਲੀ ਰਿਲੇਅ ਨੂੰ ਰੱਦ ਕਰ ਦਿੱਤਾ ਗਿਆ ਹੈ। ਓਕਨਾਵਾ ਦੀਪ ਦੇ ਹੋਰ ਗੇੜ ਪਹਿਲਾਂ ਵਾਂਗ ਜਾਰੀ ਰਹਿਣਗੇ। ਮਿਆਕੋਜਿਮਾ ਦੇ ਇਕ ਅਧਿਆਪਕ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਦੀਪ ਤੋਂ ਬਾਹਰ ਦਾ ਕੋਈ ਇੱਥੇ ਆਵੇ, ਇਹ ਇਨਸਾਨਾਂ ਦੀ ਜ਼ਿੰਦਗੀ ਦਾ ਸਵਾਲ ਹੈ। ਮਸ਼ਾਲ ਰਿਲੇਅ ਛੇ ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ ਜਿਸ ਵਿਚ ਲਗਭਗ 10000 ਦੌੜਾਂਕਾਂ ਨੇ ਹਿੱਸਾ ਲੈਣਾ ਹੈ। ਕੋਵਿਡ-19 ਪ੍ਰਭਾਵਿਤ ਓਸਾਕਾ ਤੇ ਮਾਤਸੁਆਮਾ ਸ਼ਹਿਰਾਂ ਨੂੰ ਛੱਡ ਕੇ ਇਹ ਲਗਭਗ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਇਆ ਹੈ। ਟੋਕੀਓ ਵਿਚ ਇਸ ਨਾਲ ਹੀ ਛੇ ਦਿਨਾ ਤੈਰਾਕੀ ਟੈਸਟ ਚੈਂਪੀਅਨਸ਼ਿਪ ਵਿਚ 46 ਦੇਸ਼ਾਂ ਦੇ 225 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਵਿਚ ਹਾਲਾਂਕਿ ਪ੍ਰਸ਼ੰਸਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਮਿਸਰ ਟੀਮ ਦਾ ਤੈਰਾਕੀ ਕੋਚ ਕੋਰੋਨਾ ਪਾਜ਼ੇਟਿਵ :

ਜਾਪਾਨ ਦੀ ਸੰਵਾਦ ਕਮੇਟੀ ਕਿਓਦੋ ਨੇ ਜਾਪਾਨੀ ਤੈਰਾਰੀ ਮਹਾਸੰਘ ਦੇ ਹਵਾਲੇ ਨਾਲ ਦੱਸਿਆ ਕਿ ਮਿਸਰ ਦੀ ਟੀਮ ਦੇ ਤੈਰਾਕੀ ਕੋਚ ਨੂੰ ਜਾਪਾਨ ਪੁੱਜਣ ਤੋਂ ਬਾਅਦ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ ਜਦਕਿ ਹੋਰ ਮੈਂਬਰ ਜਾਂਚ ਵਿਚ ਨੈਗੇਟਿਵ ਆਏ ਹਨ।