ਰੀਓ ਡੀ ਜਨੇਰੀਓ (ਏਐੱਫਪੀ) : ਕੋਪਾ ਅਮਰੀਕਾ ਦੇ ਕੁਆਰਟਰ ਫਾਈਨਲ ਵਿਚ ਅਰਜਨਟੀਨਾ ਦੀ ਟੀਮ ਨੇ ਵੈਨਜ਼ੂਏਲਾ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਜਿੱਥੇ ਉਸ ਦਾ ਸਾਹਮਣਾ ਮੇਜ਼ਬਾਨ ਬ੍ਰਾਜ਼ੀਲ ਨਾਲ ਹੋਵੇਗਾ। ਅਰਜਨਟੀਨਾ ਲਈ ਲਾਤਾਰੋ ਮਾਰਟੀਨੇਜ ਤੇ ਗੀਓਵਾਨੀ ਲੋ ਸੇਲਸੋ ਨੇ ਗੋਲ ਕੀਤੇ। ਇਤਿਹਾਸਕ ਮਾਰਕਾਨਾ ਸਟੇਡੀਅਮ ਵਿਚ ਖੇਡ ਦੇ 10ਵੇਂ ਮਿੰਟ ਵਿਚ ਸਰਜੀਓ ਅਗਿਊਰੋ ਦੀ ਦੂਰ ਤੋਂ ਲਾਈ ਗਈ ਇਕ ਕਿੱਕ 'ਤੇ ਮਾਰਟੀਨੇਜ ਨੇ ਬਹੁਤ ਚਲਾਕੀ ਨਾਲ ਬੈਕ ਹਿਲ ਪਾਸ ਰਾਹੀਂ ਗੋਲ ਕਰ ਕੇ ਅਰਜਨਟੀਨਾ ਨੂੰ ਬੜ੍ਹਤ ਦਿਵਾਈ। ਉਥੇ ਤੈਅ ਸਮੇਂ ਤੋਂ 16 ਮਿੰਟ ਪਹਿਲਾਂ ਬਦਲਵੇਂ ਖਿਡਾਰੀ ਲੋ ਸੇਲਸੋ ਨੇ ਵੈਨਜ਼ੂਏਲਾ ਦੇ ਗੋਲਕੀਪਰ ਵਿਊਕਰ ਫੈਰੀਨੇਜ ਦੀ ਗ਼ਲਤੀ ਦਾ ਫ਼ਾਇਦਾ ਉਠਾ ਕੇ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾਇਆ ਤੇ ਅਰਜਨਟੀਨਾ ਦੀ ਜਿੱਤ ਪੱਕੀ ਕੀਤੀ।

ਇਹ ਮੇਰੇ ਲਈ ਸਰਬੋਤਮ ਟੂਰਨਾਮੈਂਟ ਸਾਬਿਤ ਨਹੀਂ ਹੋਇਆ ਹੈ ਤੇ ਨਾ ਹੀ ਜਿਵੇਂ ਮੈਂ ਸੋਚਿਆ ਸੀ ਇਹ ਉਵੇਂ ਰਿਹਾ ਹੈ। ਸੈਮੀਫਾਈਨਲ ਵਿਚ ਟੀਮ ਦਾ ਪੁੱਜਣਾ ਜ਼ਿਆਦਾ ਅਹਿਮ ਹੈ।

-ਲਿਓਨ ਮੈਸੀ, ਅਰਜਨਟੀਨੀ ਖਿਡਾਰੀ

ਚਿਲੀ ਵੀ ਆਖ਼ਰੀ ਚਾਰ 'ਚ

ਇਕ ਹੋਰ ਕੁਆਰਟਰ ਫਾਈਨਲ 'ਚ ਪਿਛਲੀ ਵਾਰ ਦੀ ਚੈਂਪੀਅਨ ਚਿਲੀ ਨੇ ਕੋਲੰਬੀਆ ਨੂੰ ਪੈਨਲਟੀ ਸ਼ੁੂਟਆਊਟ ਵਿਚ 5-4 ਨਾਲ ਹਰਾ ਕੇ ਸੈਮੀਫਾਈਨਲ ਦੀ ਟਿਕਟ ਕਟਾਈ। ਤੈਅ ਸਮੇਂ ਦੌਰਾਨ ਚਿਲੀ ਨੇ ਦੋ ਗੋਲ ਕੀਤੇ ਪਰ ਰੈਫਰੀ ਨੇ ਉਨ੍ਹਾਂ ਨੂੰ ਅਯੋਗ ਕਰਰਾਰ ਦਿੱਤਾ ਜਿਸ ਕਾਰਨ ਮੁਕਾਬਲਾ ਵਾਧੂ ਸਮੇਂ ਤੋਂ ਬਾਅਦ ਵੀ ਗੋਲਰਹਿਤ 0-0 ਰਿਹਾ। ਪੈਨਲਟੀ ਸ਼ੂਟਆਊਟ ਵਿਚ ਕੋਲੰਬੀਆ ਦੇ ਵਿਲੀਅਮ ਟੇਸੀਲੋ ਗੇਂਦ ਨੂੰ ਗੋਲ ਪੋਸਟ ਤੋਂ ਬਾਹਰ ਮਾਰ ਬੈਠੇ ਜਦਕਿ ਏਲੇਕਸੀ ਸਾਂਚੇਜ ਨੇ ਪੰਜਵੀਂ ਕਿੱਕ ਨੂੰ ਗੋਲ ਵਿਚ ਤਬਦੀਲ ਕਰ ਕੇ ਚਿਲੀ ਨੂੰ ਆਖ਼ਰੀ ਚਾਰ ਵਿਚ ਪਹੁੰਚਾਇਆ।