ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮਹਿਤਾ ਵਿਚਾਲੇ ਮਤਭੇਦ ਹੋਰ ਵਧ ਗਏ ਹਨ। ਆਈਓਏ 'ਚ ਕੰਮ ਦੇ ਬਟਵਾਰੇ ਨੂੰ ਲੈ ਕੇ ਵੀਰਵਾਰ ਨੂੰ ਜੋ ਵਿਵਾਦ ਪੈਦਾ ਹੋਇਆ ਸੀ ਉਹ ਸ਼ੁੱਕਰਵਾਰ ਨੂੰ ਹੋਰ ਤੇਜ਼ ਹੋ ਗਿਆ। ਆਈਓਏ ਵਿਚ ਕੰਮ ਦੀ ਵੰਡ ਨੂੰ ਲੈ ਕੇ ਦੋਵਾਂ ਨੇ ਇਕ ਦੂਜੇ 'ਤੇ ਈਮੇਲ ਨਾਲ ਹਮਲਾ ਕੀਤਾ। ਸ਼ੁੱਕਰਵਾਰ ਨੂੰ ਬੱਤਰਾ ਨੇ ਮੁੜ ਜਵਾਬੀ ਈਮੇਲ ਵਿਚ ਲਿਖਿਆ ਕਿ ਮੈਂ ਜੋ ਵੀ ਤੁਹਾਨੂੰ ਗੱਲਾਂ ਕਹੀਆਂ ਸਨ ਉਹ ਸਾਰੀਆਂ ਚੰਗੇ ਇਰਾਦੇ ਨਾਲ ਕਹੀਆਂ ਸਨ ਪਰ ਹੁਣ ਮੈਂ ਤੁਹਾਡੇ ਜਵਾਬੀ ਮੇਲ ਦੇ ਵਿਚਾਰ ਨੂੰ ਸਮਝ ਲਿਆ ਹੈ। ਮੈਂ ਇਹ ਮਹਿਸੂਸ ਕੀਤਾ ਹੈ ਕਿ ਤੁਸੀਂ ਉਹ ਸਭ ਕੁਝ ਦੱਸ ਰਹੇ ਹੋ ਜੋ ਤੁਹਾਡੇ ਦਿਲ ਤੇ ਦਿਮਾਗ਼ ਵਿਚ ਹੈ। ਜਦ ਵੀ ਮੈਨੂੰ ਆਈਓ ਨਾਲ ਸਬੰਧਤ ਮਾਮਲੇ ਵਿਚ ਕੋਈ ਵੀ ਫ਼ੈਸਲਾ ਲੈਣਾ ਪਵੇਗਾ ਮੈਂ ਤੁਹਾਡੀ ਇਹ ਸਲਾਹ ਹਮੇਸ਼ਾ ਆਪਣੇ ਦਿਮਾਗ਼ ਵਿਚ ਰੱਖਾਂਗਾ ਇਸ ਤੋਂ ਪਹਿਲਾਂ ਐਥਲੀਟਾਂ ਦੀ ਟ੍ਰੇਨਿੰਗ ਨੂੰ ਲੈ ਕੇ ਵੀ ਦੋਵਾਂ ਦੀ ਰਾਏ ਵੱਖੋ-ਵੱਖ ਸੀ। ਦਰਅਸਲ ਮਹਿਤਾ ਦਾ ਕਹਿਣਾ ਸੀ ਕਿ ਜਦ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤਾਂ ਅਸੀਂ ਟ੍ਰੇਨਿੰਗ ਨੂੰ ਮੁੜ ਸ਼ੁਰੂ ਕਰਨ ਨੂੰ ਲੈ ਕੇ ਦੌੜ ਰਹੇ ਹਾਂ। ਐਥਲੀਟ ਸਾਡੇ ਲਈ ਰਾਸ਼ਟਰੀ ਖਜ਼ਾਨਾ ਹਨ ਤੇ ਉਨ੍ਹਾਂ ਦੀ ਸਿਹਤ ਸਾਡੇ ਲਈ ਤਰਜੀਹ ਹੈ। ਉਨ੍ਹਾਂ 'ਤੇ ਮੁੜ ਟ੍ਰੇਨਿੰਗ ਸ਼ੁਰੂ ਕਰਨ ਦਾ ਦਬਾਅ ਬਣਾਉਣਾ ਸਹੀ ਨਹੀਂ ਹੈ। ਜੇ ਉਨ੍ਹਾਂ ਵਿਚੋਂ ਕਿਸੇ ਨੂੰ ਕੋਰੋਨਾ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਬੱਤਰਾ ਨੇ ਮਹਿਤਾ ਨੂੰ ਈਮੇਲ ਰਾਹੀਂ ਸੂਚਤ ਕੀਤਾ ਸੀ ਕਿ ਮੈਂ ਫ਼ੈਸਲਾ ਕੀਤਾ ਹੈ ਕਿ ਤੁਹਾਡੇ ਕੰਮ ਨੂੰ ਕੁਝ ਘੱਟ ਕਰ ਦਿੱਤਾ ਜਾਵੇ ਤੇ ਦਿੱਲੀ ਵਿਚ ਕੁਝ ਲੋਕਾਂ ਦੇ ਨਾਲ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਵੰਡ ਦਿੱਤਾ ਜਾਵੇਗਾ। ਇਸ ਨਾਲ ਤੁਸੀਂ ਨੈਨੀਤਾਲ ਵਿਚ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਤੀਤ ਕਰ ਸਕੋਗੇ ਤੇ ਨਾਲ ਹੀ ਉੱਤਰਾਖੰਡ ਵਿਚ ਆਪਣੇ ਵਪਾਰ 'ਤੇ ਧਿਆਨ ਲਾ ਸਕੋਗੇ। ਇਸ 'ਤੇ ਮਹਿਤਾ ਨੇ ਜਵਾਬ ਦਿੱਤਾ ਸੀ ਕਿ ਆਈਓਏ ਦੇ ਜਨਰਲ ਸਕੱਤਰ ਦੇ ਰੂਪ ਵਿਚ ਮੈਂ ਮੈਨੂੰ ਸੌਂਪੇ ਗਏ ਕੰਮ ਦੇ ਭਾਰਤ ਨਾਲ ਪੂਰੀ ਤਰ੍ਹਾਂ ਸਹਿਜ ਹਾਂ ਤੇ ਤੁਹਾਨੂੰ ਵੀ ਦਿੱਲੀ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦੈ।

ਓਲੰਪਿਕ ਨੂੰ ਪ੍ਰਭਾਵਿਤ ਕਰ ਸਕਦੈ ਗ਼ਲਤ ਕਦਮ : ਮਹਿਤਾ

ਨਵੀਂ ਦਿੱਲੀ : ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਬਾਵਜੂਦ ਖਿਡਾਰੀਆਂ ਦੀ ਅਭਿਆਸ ਵਿਚ ਵਾਪਸੀ ਨੂੰ ਲੈ ਕੇ ਜਲਦਬਾਜ਼ੀ ਦੇ ਪ੍ਰਤੀ ਚੌਕਸ ਕਰਦੇ ਹੋਏ ਕਿਹਾ ਕਿ ਇਕ ਗ਼ਲਤ ਕਦਮ ਸਾਡੀਆਂ ਓਲੰਪਿਕ ਦੀਆਂ ਤਿਆਰੀਆਂ 'ਤੇ ਭਾਰੀ ਪੈ ਸਕਦਾ ਹੈੇ। ਮਹਿਤਾ ਨੇ ਆਪਣਾ ਇਹ ਵਿਰੋਧ ਤਦ ਜ਼ਾਹਰ ਕੀਤਾ ਹੈ ਜਦ ਭਾਰਤੀ ਖੇਡ ਅਥਾਰਟੀ (ਸਾਈ) ਨੇ ਖਿਡਾਰੀਆਂ ਲਈ ਮਾਨਕ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਜਿਸ ਨੂੰ ਖੇਡ ਮੰਤਰਾਲੇ ਤੋਂ ਮਨਜ਼ੂਰੀ ਹਾਸਲ ਹੈ।