ਨਵੀਂ ਦਿੱਲੀ (ਪੀਟੀਆਈ) : ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਮੁੱਕੇਬਾਜ਼ ਗੌਰਵ ਸੋਲੰਕੀ (57 ਕਿਲੋਗ੍ਰਾਮ) ਨੇ ਪਹਿਲੇ ਗੇੜ ਵਿਚ ਸੌਖੀ ਜਿੱਤ ਦੇ ਨਾਲ ਤੁਰਕੀ ਦੇ ਇਸਤਾਂਬੁਲ 'ਚ ਚੱਲ ਰਹੇ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਫਰੀਦਾਬਾਦ ਦੇ ਗੌਰਵ ਸੌਲੰਕੀ ਨੇ ਕਜ਼ਾਕਿਸਤਾਨ ਦੇ ਅਰਾਪੋਵ ਏਡੋਸ ਖ਼ਿਲਾਫ਼ ਸ਼ੁਰੂਆਤ ਤੋਂ ਦਬਦਬਾ ਬਣਾਉਂਦੇ ਹੋਏ 5-0 ਦੀ ਜਿੱਤ ਨਾਲ ਆਖ਼ਰੀ ਅੱਠ ਵਿਚ ਪ੍ਰਵੇਸ਼ ਕੀਤਾ। ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਜੇਤੂ ਸੋਨੀਆ ਲਾਠੇਰ ਨੇ ਵੀ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਜੀਂਦ ਦੇ ਜੁਲਾਨਾ ਦੀ ਰਹਿਣ ਵਾਲੀ ਲਾਠੇਰ ਨੇ ਮਹਿਲਾ 57 ਕਿਲੋਗ੍ਰਾਮ ਦੇ ਪਹਿਲੇ ਗੇੜ ਵਿਚ ਅਰਜਨਟੀਨਾ ਦੀ ਰੋਸੋਰੀਓ ਮਿਲੋਗ੍ਰੋਸ ਨੂੰ 5-0 ਨਾਲ ਹਰਾਇਆ। ਦੂਜੇ ਗੇੜ ਵਿਚ ਸੋਨੀਆ ਦਾ ਮੁਕਾਬਲਾ ਸਥਾਨਕ ਦਾਅਵੇਦਾਰ ਸੁਰਮੇਨੇਲੀ ਤੁਗਸੇਨਾਜ ਨਾਲ ਹੋਵੇਗਾ। ਰਾਸ਼ਟਰਮੰਡਲ ਖੇਡਾਂ ਦੇ ਕਾਂਸੇ ਦਾ ਮੈਡਲ ਜੇਤੂ ਨਮਨ ਤੰਵਰ ਨੂੰ ਮਰਦ 91 ਕਿਲੋਗ੍ਰਾਮ ਵਿਚ ਤੁਰਕੀ ਦੇ ਬਾਕੀ ਯਾਲਸਿਨ ਮੁਹੰਮਦ ਖ਼ਿਲਾਫ਼ 1-4 ਨਾਲ ਮਾਤ ਸਹਿਣੀ ਪਈ ਜਦਕਿ ਕੇਐੱਲ ਪ੍ਰਸਾਦ ਨੂੰ 52 ਕਿਲੋਗ੍ਰਾਮ ਵਿਚ ਕਜ਼ਾਕਿਸਤਾਨ ਦੇ ਅਬਦਿਕਾਦਿਰ ਦਾਮਿਰ ਨੇ 5-0 ਨਾਲ ਹਰਾਇਆ। ਪ੍ਰਯਾਗ ਚੌਹਾਨ ਨੂੰ ਮਰਦ 75 ਕਿਲੋਗ੍ਰਾਮ ਅਜ਼ਰਬਾਈਜਾਨ ਦੇ ਸਾਹਸੁਵਾਰਲੀ ਕਰਮਨ ਜਦਕਿ ਪੂਜਾ ਨੂੰ ਮਹਿਲਾ 75 ਕਿਲੋਗ੍ਰਾਮ ਵਿਚ ਰੂਸ ਦੀ ਸ਼ਾਮੋਨੋਵਾ ਅਨਸਤਾਸੀਆ ਖ਼ਿਲਾਫ਼ ਹਾਰ ਸਹਿਣੀ ਪਈ।

ਸ਼ਿਵ ਥਾਪਾ ਸਮੇਤ ਛੇ ਮੁੱਕੇਬਾਜ਼ਾਂ ਦਾ ਮੁਕਾਬਲਾ ਅੱਜ

ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀਰਵਾਰ ਨੂੰ ਛੇ ਹੋਰ ਮੁੱਕੇਬਾਜ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਮੈਡਲ ਜੇਤੂ ਸ਼ਿਵ ਥਾਪਾ (63 ਕਿਲੋਗ੍ਰਾਮ), ਦੁਰਿਓਧਨ ਨੇਗੀ (69 ਕਿਲੋਗ੍ਰਾਮ), ਬਿ੍ਜੇਸ਼ ਯਾਦਵ (81 ਕਿਲੋਗ੍ਰਾਮ) ਤੇ ਕਿਸ਼ਨ ਸ਼ਰਮਾ (+91 ਕਿਲੋਗ੍ਰਾਮ) ਮਰਦ ਵਰਗ ਜਦਕਿ ਨਿਕਹਤ ਜ਼ਰੀਨ (51 ਕਿਲੋਗ੍ਰਾਮ) ਤੇ ਪ੍ਰਵੀਣ (60 ਕਿਲੋਗ੍ਰਾਮ) ਮਹਿਲਾ ਵਰਗ ਵਿਚ ਚੁਣੌਤੀ ਪੇਸ਼ ਕਰਨਗੀਆਂ।