ਨਵੀਂ ਦਿੱਲੀ (ਜੇਐੱਨਐੱਨ) : ਰਾਸ਼ਟਰਮੰਡਲ ਖੇਡ ਮਹਾਸੰਘ (ਸੀਜੀਐੱਫ) ਨੇ ਸੋਮਵਾਰ ਨੂੰ ਇੱਥੇ ਕਿਹਾ ਕਿ 2022 ਵਿਚ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤ ਵਿਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਇਨ੍ਹਾਂ ਖੇਡਾਂ ਵਿਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸੀਜੀਐੱਫ ਨੇ ਕਿਹਾ ਕਿ ਮਹਾਸੰਘ ਦੀ ਮੁਖੀ ਲੁਈ ਮਾਰਟਿਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗ੍ਰੇਵੰਬਰਗ ਜਦ ਮਿਊਨਿਖ ਵਿਚ ਆਈਐੱਸਐੱਸਐੱਫ ਦੇ ਚੋਟੀ ਦੇ ਅਧਿਕਾਰੀਆਂ ਨੂੰ ਮਿਲੇ ਤਾਂ ਇਸ ਨਾਲ ਜੁੜਿਆ ਕੋਈ ਰਸਮੀ ਪ੍ਰਸਤਾਵ ਨਹੀਂ ਪੇਸ਼ ਕੀਤਾ ਗਿਆ। ਮੀਡੀਆ ਵਿਚ ਅਜਿਹੀਆਂ ਖ਼ਬਰਾਂ ਸਨ ਕਿ ਬਰਮਿੰਘਮ ਵਿਚ ਹੋਣ ਵਾਲੀਆਂ ਖੇਡਾਂ ਦੌਰਾਨ ਭਾਰਤ ਵਿਚ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਜਾ ਸਕਦੀ ਹੈ ਤੇ ਇਸ ਵਿਚ ਆਉਣ ਵਾਲੇ ਮੈਡਲਾਂ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਮੈਡਲਾਂ ਵਿਚ ਜੋੜਿਆ ਜਾਵੇਗਾ। ਗ੍ਰੇਵੰਬਰਗ ਨੇ ਕਿਹਾ ਕਿ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਉਨ੍ਹਾਂ ਯੋਜਨਾਵਾਂ ਵਿਚ ਸ਼ਾਮਲ ਸੀ ਜਿਸ 'ਤੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈਐੱਸਐੱਸਐੱਫ) ਵਿਚ ਗੱਲਬਾਤ ਹੋਈ ਪਰ ਇਸ ਨਾਲ ਜੁੜਿਆ ਕੋਈ ਰਸਮੀ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ। ਇਸ ਮੁੱਦੇ ਤੋਂ ਪਹਿਲਾਂ ਸਾਡੇ ਭਾਈਵਾਲਾਂ ਨੂੰ ਇਕਮਤ ਹੋਣ ਦਿਓ। ਇਸ ਕਾਰਨ ਮੈਡਲਾਂ ਨੂੰ ਲੈ ਕੇ ਮੀਡੀਆ ਵਿਚ ਲਾਏ ਜਾ ਰਹੇ ਕਿਆਸ 'ਤੇ ਕੁਝ ਕਹਿਣਾ ਕਾਫੀ ਜਲਦਬਾਜ਼ੀ ਹੋਵੇਗੀ।

ਭਾਰਤ ਨੇ ਦਿੱਤੀ ਸੀ ਬਾਈਕਾਟ ਦੀ ਧਮਕੀ :

ਭਾਰਤੀ ਓਲੰਪਿਕ ਸੰਘ (ਆਈਓਏ) ਨੇ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਾਏ ਜਾਣ ਦੇ ਵਿਰੋਧ ਵਿਚ ਇਨ੍ਹਾਂ ਖੇਡਾਂ ਤੋਂ ਹਟਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੇ ਪ੍ਰਸਤਾਵ ਦਿੱਤਾ ਸੀ ਕਿ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਨੂੰ ਕਰਵਾ ਕੇ ਇਸ ਦੇ ਮੈਡਲਾਂ ਨੂੰ ਸਬੰਧਤ ਦੇਸ਼ ਦੇ ਖ਼ਾਤੇ ਵਿਚ ਜੋੜਿਆ ਜਾਵੇ। ਆਈਓਏ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਸੀ ਕਿ ਜੇ ਮੈਡਲਾਂ ਨੂੰ ਦੇਸ਼ ਦੇ ਖ਼ਾਤੇ ਵਿਚ ਨਹੀਂ ਜੋੜਿਆ ਜਾਵੇਗਾ ਤਾਂ ਭਾਰਤ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲਵੇਗਾ।