ਨਵੀਂ ਦਿੱਲੀ (ਜੇਐੱਨਐੱਨ) : 2022 'ਚ ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤੀ ਓਲੰਪਿਕ ਸੰਘ (ਆਈਓਏ) ਉਨ੍ਹਾਂ ਖੇਡਾਂ ਦਾ ਬਾਈਕਾਟ ਕਰਨਾ ਚਾਹੁੰਦਾ ਹੈ ਪਰ ਖੇਡ ਮੰਤਰੀ ਨੇ ਆਈਓਏ ਦੇ ਨੁਮਾਇੰਦਿਆਂ ਨੂੰ ਰਾਸ਼ਟਰਮੰਡਲ ਗੇਮਜ਼ ਫੈਡਰੇਸ਼ਨ (ਸੀਜੀਐੱਫ) ਦੇ ਪ੍ਰਧਾਨ ਨੂੰ ਮਿਲਣ ਦੀ ਸਲਾਹ ਦਿੱਤੀ ਹੈ। ਜਾਗਰਣ ਨੇ ਜਦ ਉਨ੍ਹਾਂ ਤੋਂ ਪੁੱਿਛਆ ਕਿ ਆਈਓਏ ਲਗਾਤਾਰ ਇਨ੍ਹਾਂ ਖੇਡਾਂ ਦੇ ਬਾਈਕਾਟ ਦੀ ਧਮਕੀ ਦੇ ਰਿਹਾ ਹੈ, ਇਸ ਨੂੰ ਲੈ ਕੇ ਖੇਡ ਮੰਤਰਾਲੇ ਦੀ ਕੀ ਰਾਇ ਹੈ? ਰਿਜਿਜੂ ਨੇ ਕਿਹਾ ਕਿ ਅਜੇ ਅਸੀਂ ਉਨ੍ਹਾਂ ਨੂੰ ਸੀਜੀਐੱਫ ਦੇ ਮੁਖੀ ਨਾਲ ਗੱਲ ਕਰ ਕੇ ਅਪੀਲ ਕਰਨ ਨੂੰ ਕਿਹਾ ਹੈ। ਸਮਾਂ ਆਉਣ 'ਤੇ ਇਸ 'ਤੇ ਫ਼ੈਸਲਾ ਲਿਆ ਜਾਵੇਗਾ। ਇਸ 'ਤੇ ਆਖ਼ਰੀ ਫ਼ੈਸਲਾ ਸਰਕਾਰ ਹੀ ਕਰੇਗੀ। ਜਦ ਉਨ੍ਹਾਂ ਤੋਂ ਪੁੱਿਛਆ ਗਿਆ ਕਿ ਕੀ ਬਾਈਕਾਟ ਕਰਨਾ ਹੀ ਸਹੀ ਰਾਹ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਦੇਖੋ ਖੇਡ ਸਾਰਿਆਂ ਲਈ ਹੈ। ਜਿੰਨੇ ਵੀ ਖਿਡਾਰੀ ਰਾਸ਼ਟਰਮੰਡਲ ਖੇਡਾਂ ਦੇ ਮੈਡਲ ਲਈ ਲੜਦੇ ਹਨ, ਉਨ੍ਹਾਂ ਸਾਰਿਆਂ ਲਈ ਇਹ ਖੇਡ ਮਹੱਤਵਪੂਰਨ ਹੈ। ਰਾਸ਼ਟਰਮੰਡਲ ਖੇਡਾਂ ਦੀ ਕਮੇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਬਰਮਿੰਘਮ ਵਿਚ ਨਿਸ਼ਾਨੇਬਾਜ਼ੀ ਨਹੀਂ ਹੋਣੀ ਚਾਹੀਦੀ। ਆਈਓਏ ਤੇ ਭਾਰਤੀ ਨਿਸ਼ਾਨੇਬਾਜ਼ੀ ਸੰਘ ਦੇ ਨੁਮਾਇੰਦੇ ਮੇਰੇ ਕੋਲ ਆਏ ਸਨ। ਉਨ੍ਹਾਂ ਨੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਪੁੱਿਛਆ ਕਿ ਇਸ ਵਿਚ ਕੀ ਕਰਨਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਬਾਈਕਾਟ ਕਰਨਾ ਹੈ ਜਾਂ ਨਹੀਂ ਕਰਨਾ ਹੈ, ਇਸ ਦਾ ਫ਼ੈਸਲਾ ਅਜੇ ਲੈਣ ਦਾ ਸਮਾਂ ਨਹੀਂ ਹੈ। ਇਹ ਇਕ ਵੱਡਾ ਫ਼ੈਸਲਾ ਹੈ। ਕਿਸੇ ਵੀ ਅੰਤਰਰਾਸ਼ਟਰੀ ਖੇਡ ਨੂੰ ਬਾਈਕਾਟ ਕਰਨਾ ਬਹੁਤ ਵੱਡਾ ਫ਼ੈਸਲਾ ਹੁੰਦਾ ਹੈ। ਅਸੀਂ ਜੋਸ਼ ਵਿਚ ਕੋਈ ਫ਼ੈਸਲਾ ਨਹੀਂ ਕਰ ਸਕਦੇ ਪਰ ਇਹ ਗੱਲ ਸਹੀ ਹੈ ਕਿ ਰਾਸ਼ਟਰਮੰਡਲ ਗੇਮਜ਼ ਕਮੇਟੀ ਨੂੰ ਵੀ ਸਮਝਣਾ ਪਵੇਗਾ ਕਿ ਭਾਰਤ ਇਨ੍ਹਾਂ ਖੇਡਾਂ ਦਾ ਸਭ ਤੋਂ ਵੱਡਾ ਦੇਸ਼ ਹੈ ਤੇ ਕੋਈ ਵੀ ਵੱਡਾ ਫ਼ੈਸਲਾ ਲੈਂਦੇ ਸਮੇਂ ਭਾਰਤ ਦੇ ਪੱਖ ਨੂੰ ਸੁਣਨਾ ਚਾਹੀਦਾ ਹੈ। ਆਈਓਏ ਨੂੰ ਰਾਸ਼ਟਰਮੰਡਲ ਪ੍ਰਬੰਧਕੀ ਕਮੇਟੀ ਤੋਂ ਪੁੱਛਣਾ ਚਾਹੀਦਾ ਹੈ ਜਾਂ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਨਿਸ਼ਾਨੇਬਾਜ਼ੀ ਨੂੰ ਬਾਹਰ ਰੱਖਣ ਦੇ ਫ਼ੈਸਲੇ ਨੂੰ ਲੈ ਕੇ ਆਈਓਏ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਮੈਂ ਆਈਓਏ ਪ੍ਰਧਾਨ ਨਰਿੰਦਰ ਬੱਤਰਾ ਨੂੰ ਕਿਹਾ ਹੈ ਕਿ ਤੁਸੀਂ ਸਰਕਾਰ ਕੋਲ ਆ ਗਏ ਹੋ, ਅਸੀਂ ਵਿਚਾਰ ਕਰਾਂਗੇ ਪਰ ਅਸੀਂ ਕੋਈ ਫ਼ੈਸਲਾ ਕਰੀਏ, ਉਸ ਤੋਂ ਪਹਿਲਾਂ ਤੁਸੀਂ ਕਾਮਨਵੈਲਥ ਗੇਮਜ਼ ਕਮੇਟੀ ਦੇ ਸਾਹਮਣੇ ਭਾਰਤ ਦਾ ਪੱਖ ਰੱਖੋ ਕਿ ਸਾਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ ਹੈ। ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕੀਤਾ ਜਾਵੇ।

ਫ਼ੈਸਲੇ 'ਤੇ ਪਹਿਲਾਂ ਹੀ ਹੋ ਚੁੱਕੀ ਹੈ ਵੋਟਿੰਗ :

ਜਦ ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਫ਼ੈਸਲੇ 'ਤੇ ਵੋਟਿੰਗ ਵੀ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਫ਼ੈਸਲਾ ਲੈ ਲਿਆ ਹੈ ਕਿ ਨਿਸ਼ਾਨੇਬਾਜ਼ੀ ਵਾਪਸ ਨਹੀਂ ਆਵੇਗੀ? ਇਸ ਕਾਰਨ ਉਨ੍ਹਾਂ ਨਾਲ ਗੱਲ ਕਰਨ ਨਾਲ ਕੀ ਫ਼ਾਇਦਾ? ਰਿਜਿਜੂ ਨੇ ਕਿਹਾ ਕਿ ਆਈਓਏ ਨੇ ਮੈਨੂੰ ਦੱਸਿਆ ਕਿ ਫ਼ੈਸਲਾ ਹੋ ਚੁੱਕਾ ਹੈ ਪਰ ਸਾਨੂੰ ਅਪੀਲ ਤਾਂ ਕਰਨੀ ਹੀ ਪਵੇਗੀ। ਇਸ ਵਿਚ ਦੋ ਗੱਲਾਂ ਹਨ, ਇਕ ਹੈ ਰਾਸ਼ਟਰੀ ਦਿਲਚਸਪੀ। ਨਿਸ਼ਾਨੇਬਾਜ਼ੀ ਨਾਲ ਸਾਨੂੰ ਸਭ ਤੋਂ ਜ਼ਿਆਦਾ ਮੈਡਲ ਮਿਲਦੇ ਹਨ। ਉਹ ਖੇਡ ਹੀ ਨਹੀਂ ਹੋਵੇਗਾ ਤਾਂ ਸਾਨੂੰ ਕੀ ਫ਼ੈਸਲਾ ਲੈਣਾ ਚਾਹੀਦਾ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੋ ਫ਼ੈਸਲਾ ਲਿਆ ਜਾਵੇ ਉਸ ਨਾਲ ਬਾਕੀ ਖੇਡਾਂ ਤੇ ਭਾਰਤ ਦੀਆਂ ਉਮੀਦਾਂ ਨੂੰ ਨੁਕਸਾਨ ਨਾ ਹੋਵੇ। ਅਸੀਂ ਸਹੀ ਸਮੇਂ 'ਤੇ ਸੰਤੁਲਿਤ ਫ਼ੈਸਲਾ ਲਵਾਂਗੇ।

ਗੋਲਡ ਕੋਸਟ 'ਚ ਹਾਸਲ ਕੀਤੇ ਸਨ 16 ਮੈਡਲ :

ਰਾਸ਼ਟਰਮੰਡਲ ਖੇਡਾਂ ਵਿਚ 1966 ਵਿਚ ਥਾਂ ਬਣਾਉਣ ਤੋਂ ਬਾਅਦ ਨਿਸ਼ਾਨੇਬਾਜ਼ੀ 1970 ਵਿਚ ਏਡੀਨਬਰਾ ਵਿਚ ਹੋਈਆਂ ਖੇਡਾਂ ਨੂੰ ਛੱਡ ਕੇ ਹਰੇਕ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਰਹੀ ਹੈ। ਸੀਜੀਐੱਫ ਨੇ ਜੂਨ ਵਿਚ ਆਪਣੀ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਨਿਸ਼ਾਨੇਬਾਜ਼ੀ ਨੂੰ ਬਾਹਰ ਕਰ ਕੇ ਤਿੰਨ ਨਵੀਆਂ ਖੇਡਾਂ ਨੂੰ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ। ਇਹ ਫ਼ੈਸਲਾ ਭਾਰਤ ਲਈ ਝਟਕਾ ਸੀ ਕਿਉਂਕਿ ਪਿਛਲੇ ਸਾਲ ਦੀਆਂ ਗੋਲਡ ਕੋਸਟ ਖੇਡਾਂ 'ਚ ਦੇਸ਼ ਦੇ ਨਿਸ਼ਾਨੇਬਾਜ਼ਾਂ ਨੇ ਸੱਤ ਗੋਲਡ ਸਮੇਤ 16 ਮੈਡਲ ਹਾਸਲ ਕੀਤੇ ਸਨ। ਜਿਸ ਨਾਲ ਭਾਰਤ ਕੁੱਲ 66 ਮੈਡਲਾਂ ਨਾਲ ਸੂਚੀ ਵਿਚ ਤੀਜੇ ਸਥਾਨ 'ਤੇ ਰਿਹਾ ਸੀ।

ਪੈਰਿਸ ਤੇ ਲਾਸ ਏਂਜਲਸ ਓਲੰਪਿਕ 'ਤੇ ਨਜ਼ਰ

ਨਵੀਂ ਦਿੱਲੀ (ਜੇਐੱਨਐੱਨ) : ਖੇਡ ਮੰਤਰੀ ਤੋਂ ਜਦ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਿਚ ਸਿਰਫ਼ 10 ਮਹੀਨੇ ਬਚੇ ਹਨ ਤੇ ਇਸ ਕਾਰਨ ਸਾਨੂੰ ਮੌਜੂਦਾ ਯੋਗਤਾ ਦੇ ਨਾਲ ਜਾਣਾ ਪਵੇਗਾ। 10 ਮਹੀਨੇ ਵਿਚ ਅਸੀਂ ਨਵੀਂ ਯੋਗਤਾ ਨੂੰ ਤਿਆਰ ਨਹੀਂ ਕਰ ਸਕਦੇ। ਅਸੀਂ ਪਿਛਲੇ ਓਲੰਪਿਕ ਤੋਂ ਬਿਹਤਰ ਨਤੀਜੇ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੀ ਲੰਬੇ ਸਮੇਂ ਦੀ ਤਿਆਰੀ 2024 ਵਿਚ ਪੈਰਿਸ ਤੇ 2028 ਵਿਚ ਲਾਸ ਏਂਜਲਸ ਵਿਚ ਹੋਣ ਵਾਲੇ ਓਲੰਪਿਕ ਲਈ ਹੈ। ਵੱਡੀਆਂ ਖੇਡਾਂ ਦੀ ਮੇਜ਼ਬਾਨੀ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖ਼ਿਲਾਫ਼ ਨਹੀਂ ਹਾਂ। ਕਿਸੇ ਵੀ ਦੇਸ਼ ਲਈ ਓਲੰਪਿਕ ਤੇ ਏਸ਼ੀਅਨ ਖੇਡਾਂ ਦੀ ਮੇਂਜ਼ਬਾਨੀ ਕਰਨਾ ਮਾਣ ਦਾ ਵਿਸ਼ਾ ਹੈ। ਸਾਡਾ ਸੁਪਨਾ ਓਲੰਪਿਕ ਦੀ ਮੇਜ਼ਬਾਨੀ ਕਰਨਾ ਹੈ। ਭਾਰਤ ਪਾਕਿਸਤਾਨ ਦੀਆਂ ਦੁਵੱਲੀਆਂ ਖੇਡਾਂ ਬਾਰੇ ਪੁੱਛੇ ਜਾਣ 'ਤੇ ਰਿਜਿਜੂ ਨੇ ਕਿਹਾ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਸੀਰੀਜ਼ ਨਹੀਂ ਹੋਵੇਗੀ ਪਰ ਜਦ ਗੱਲ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਦੀ ਆਉਂਦੀਹੈ ਤਾਂ ਉਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ।