ਮੈਨਚੇਸਟਰ : ਖ਼ਿਤਾਬ ਦੀ ਮੋਹਰੀ ਦਾਅਵੇਦਾਰ ਮੰਨੀ ਜਾ ਰਹੀ ਮੈਨਚੇਸਟਰ ਸਿਟੀ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ ਮੈਚ 'ਚ ਮੈਨਚੇਸਟਰ ਯੂਨਾਈਟਿਡ ਨੂੰ 2-0 ਨਾਲ ਹਰਾ ਦਿੱਤਾ। ਇਸ ਮੈਚ 'ਚ ਸਿਟੀ ਦੇ ਸਟਰਾਈਕਰਾਂ ਨੂੰ ਰੋਕਣ ਦੀ ਯੂਨਾਈਟਿਡ ਦੇ ਮੈਨੇਜਰ ਓਲੇ ਗਨਰ ਸੋਲਸਕਜੇਰ ਦੀ ਰਣਨੀਤੀ ਅਸਫਲ ਹੋਈ ਤੇ ਜਦੋਂ ਤੋਂ ਉਹ ਟੀਮ ਦੇ ਸਥਾਈ ਰੂਪ ਨਾਲ ਮੈਨੇਜਰ ਨਿਯੁਕਤ ਹੋਏ ਹਨ ਉਦੋਂ ਤੋਂ ਟੀਮ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ। ਸਿਟੀ ਲਈ ਦੋ ਗੋਲ ਬਰਨਾਡੋ ਸਿਲਵਾ ਤੇ ਲੇਰਾਏ ਸਾਨੇ ਨੇ ਕੀਤੇ। ਉਥੇ ਯੂਨਾਈਟਿਡ ਦੇ ਗੋਲਕੀਪਰ ਡੇਵਿਡ ਡਿ ਗਿਆ ਵੀ ਟੀਮ ਦੇ ਕਿਲੇ ਦੀ ਰੱਖਿਆ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ ਹਨ। ਇਸ ਤੋਂ ਪਹਿਲਾਂ ਯੂਐਫਾ ਚੈਂਪੀਅਨਜ਼ ਲੀਗ ਦੇ ਮੈਚ ਬਾਰਸੀਲੋਨਾ ਖ਼ਿਲਾਫ਼ ਟੀਮ ਨੂੰ 0-3 ਨਾਲ ਹਾਰ ਝੇਲਣੀ ਪਈ ਸੀ ਤੇ ਉਸ ਦੌਰਾਨ ਗਿਆ ਹੀ ਟੀਮ ਦੇ ਗੋਲਕੀਪਰ ਸਨ। ਇਸ ਜਿੱਤ ਮਗਰੋਂ ਸਿਟੀ ਨੇ ਈਪੀਐੱਲ ਖ਼ਿਤਾਬ ਦੀ ਆਪਣੀ ਦਾਅਵੇਦਾਰੀ ਨੂੰ ਬਣਾਏ ਰੱਖਿਆ ਹੈ। ਟਾਪ 'ਤੇ ਮੌਜੂਦ ਸਿਟੀ ਦੀ ਅੰਕ ਸੂਚੀ 'ਚ ਦੂਜੇ ਥਾਂ 'ਤੇ ਲਿਵਰਪੂਲ ਤੋਂ ਇਕ ਅੰਕ ਵਧਾ ਲਿਆ ਹੈ। ਸਿਟੀ ਦੇ 35 ਮੈਚਾਂ 'ਚ 89 ਅੰਕ ਹਨ ਜਦਕਿ ਲਿਵਰਪੂਲ ਦੇ ਇੰਨੇ ਹੀ ਮੈਚਾਂ 'ਚ 88 ਅੰਕ ਹੀ ਹਨ। ਹਾਲਾਂਕਿ ਦੋਵੇਂ ਟੀਮਾਂ ਨੂੰ ਅਜੇ ਤਿੰਨ-ਤਿੰਨ ਮੈਚ ਹੋਰ ਖੇਡਣੇ ਹਨ। ਉਨ੍ਹਾਂ ਤੋਂ ਇਲਾਵਾ ਸੂਚੀ 'ਚ ਛੇਵੇਂ ਥਾਂ 'ਤੇ ਮੌਜੂਦ ਯੂਨਾਈਟਿਡ ਦੀ ਟੀਮ ਦੇ 35 ਮੈਚਾਂ 'ਚ 64 ਅੰਕ ਹਨ। ਹਾਲਾਂਕਿ ਯੂਨਾਈਟਿਡ ਇਸ ਖ਼ਿਤਾਬ ਦੀ ਦਾਅਵੇਦਾਰ ਨਹੀਂ ਹੈ, ਪਰ ਉਹ ਸਿਟੀ ਨੂੰ ਹੈਰਾਨ ਕਰਕੇ ਉਸ ਦੇ ਖ਼ਿਤਾਬ ਜਿੱਤਣ ਦੀਆਂ ਮੁਸ਼ਕਲਾਂ ਨੂੰ ਵਧਾ ਸਕਦੀ ਸੀ। ਮੈਚ ਦੀ ਸ਼ੁਰੂਆਤ ਨਾਲ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਦੀ ਟੀਮ ਨੇ ਹਮਲਾਵਰ ਰਣਨੀਤੀ ਨਾਲ ਖੇਡੀ। ਪਰ ਪਹਿਲੇ ਹਾਫ਼ 'ਚ ਟੀਮ ਗੋਲ ਦੇ ਬਣਾਏ ਮੌਕਿਆਂ ਦਾ ਫਾਇਦਾ ਨਹੀਂ ਲੈ ਪਾਈ। ਪਹਿਲਾ ਹਾਫ਼ ਗੋਲਰਹਿਤ ਰਿਹਾ। ਦੂਜੇ ਹਾਫ਼ 'ਚ ਸਿਟੀ ਦੇ ਸਟਰਾਈਕਰ ਨੇ ਦੋ ਵਾਰ ਯੂਨਾਈਟਿਡ ਦੇ ਡਿਫੈਂਸ ਨੂੰ ਤੋੜਨ 'ਚ ਸਫਲ ਰਹੇ।

54ਵੇਂ ਮਿੰਟ 'ਚ ਸਿਲਵਾ ਨੇ ਯੂਨਾਈਟਿਡ ਦੇ ਖਿਡਾਰੀ ਨੂੰ ਭੁਲੇਖਾ ਪਾਉਂਦੇ ਹੋਏ ਬਾਕਸ ਅੰਦਰੋਂ ਬੇਹੱਦ ਚਲਾਕੀ ਨਾਲ ਗੇਂਦ ਨੂੰ ਸੱਜੇ ਪੈਰ ਨਾਲ ਗੋਲ ਪੋਸਟ 'ਚ ਪਾ ਦਿੱਤਾ, ਜਿਸ ਨੂੰ ਗੋਲਕੀਪਰ ਡੇਵਿਡ ਡਿ ਗਿਆ ਵੀ ਰੋਕ ਨਹੀਂ ਪਾਏ। ਇਸ ਮਗਰੋਂ ਜਲਦੀ ਸਿਟੀ ਨੇ ਇਕ ਹੋਰ ਗੋਲ ਕਰ ਦਿੱਤਾ। ਰਹੀਮ ਸਟਰਲਿੰਗ ਲਗਪਗ ਆਪਣੇ ਪਾਲੇ ਤੋਂ ਗੇਂਦ ਨੂੰ ਤੇਜ਼ੀ ਨਾਲ ਯੂਨਾਈਟਿਡ ਦੇ ਬਾਕਸ ਵੱਲ ਲੈ ਗਏ, ਜਿੱਥੇ ਉਨ੍ਹਾਂ ਗੇਂਦ ਸਾਨੇ ਨੂੰ ਪਾਸ ਕੀਤੀ ਤੇ ਫਿਰ ਸਾਨੇ ਨੇ 66ਵੇਂ ਮਿੰਟ 'ਚ ਬਿਨਾ ਕੋਈ ਗਲਤੀ ਕੀਤੇ ਸਿਟੀ ਨੂੰ ਮੈਚ 'ਚ 2-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਯੂਨਾਈਟਿਡ ਦੇ ਮਹੱਤਵਪੂਰਨ ਖਿਡਾਰੀ ਰਸ਼ਫੋਰਡ, ਲਿੰਗਗਾਰਡ ਜਦਕਿ ਟਰਾਂਸਫਰ ਖਿਡਾਰੀ ਰੋਮ ਲੁ ਲੁਕਾਕੁ ਤੇ ਐਲੇਕਿਸ ਸਾਂਚੇਜ ਦੇ ਪੈਰਾਂ ਤੋਂ ਕੋਈ ਗੋਲ ਨਹੀਂ ਨਿਕਲ ਪਾਇਆ ਤੇ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਯੂਨਾਈਟਿਡ ਦੀ ਟੀਮ ਪਿਛਲੇ ਨੌਂ ਮੈਚਾਂ 'ਚ ਸੱਤਵੀਂ ਵਾਰ ਮੈਚ ਹਾਰੀ ਹੈ। ਸਿਟੀ ਨੇ ਪਿਛਲੀ ਵਾਰ ਰਿਕਾਰਡ 100 ਅੰਕਾਂ ਨਾਲ ਇਹ ਖ਼ਿਤਾਬ ਜਿੱਤਿਆ ਸੀ। ਇਸ ਵਾਰ ਪੇਪ ਗਾਰਡੀਓਲਾ ਦੀ ਟੀਮ 100 ਅੰਕ ਤਾਂ ਨਹੀਂ ਲੈ ਪਾਵੇਗੀ, ਪਰ 98 ਅੰਕ ਲੈ ਕੇ ਇਸ ਟਰਾਫੀ ਨੂੰ ਜਿੱਤ ਲਵੇਗੀ।

ਉਥੇ ਲੀਗ ਦੇ ਹੋਰ ਮੈਚ 'ਚ ਵੂਲਵਸ ਨੇ ਆਰਸੇਨਲ ਨੂੰ 3-1 ਨਾਲ ਹਰਾਇਆ। ਵੂਲਵਜ਼ ਲਈ ਰੁਬੇਨ ਨੇਵੇਸ (28ਵੇਂ ਮਿੰਟ), ਮੈਟ ਡੋਹਰਟੀ (37ਵੇਂ ਮਿੰਟ) ਤੇ ਡਿਓਗੋ ਜੋਟਾ (45+2ਵੇਂ ਮਿੰਟ) ਨੇ ਕੀਤੇ। ਉਥੇ, ਆਰਸੇਨਲ ਲਈ ਇਕਮਾਤਰ ਗੋਲ ਸੁਕਾਤਿਸ (80ਵੇਂ ਮਿੰਟ) ਨੇ ਕੀਤਾ।

ਲਿਵਰਪੂਲ ਦੀ ਨਜ਼ਰ ਵਾਧਾ ਲੈਣ 'ਤੇ

ਲੰਡਨ : ਲਿਵਰਪੂਲ ਦੀ ਟੀਮ ਜਦੋਂ ਸ਼ੁੱਕਰਵਾਰ ਨੂੰ ਈਪੀਐੱਲ ਦੇ ਮੈਚ 'ਚ ਹਡਰਜ਼ਫੀਲਡ ਖ਼ਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਉਸ ਦੀ ਨਜ਼ਰ ਤਿੰਨ ਅੰਕ ਲੈ ਕੇ ਮੈਨਚੇਸਟਰ ਸਿਟੀ ਤੋਂ ਅੱਗੇ ਨਿਕਲਣ ਦੀ ਰਹੇਗੀ। ਅੰਕ ਸੂਚੀ 'ਚ ਸਿਟੀ ਦੀ ਟੀਮ 89 ਅੰਕ ਲੈ ਕੇ ਟਾਪ 'ਤੇ ਹੈ, ਜਦਕਿ 88 ਅੰਕਾਂ ਨਾਲ ਲਿਵਰਪੂਲ ਦੂਜੇ ਥਾਂ 'ਤੇ ਹੈ। ਲਿਵਰਪੂਲ ਦੀ ਟੀਮ ਹਰ ਹਾਲ 'ਚ ਇਹ ਜਿੱਤ ਹਾਸਲ ਕਰਕੇ ਤਿੰਨ ਅੰਕ ਲੈਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਹਾਰ ਤੇ ਡਰਾਅ ਵੀ ਉਸ ਦੇ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਮੁਸ਼ਕਲ 'ਚ ਪਾ ਸਕਦਾ ਹੈ। ਹਾਲਾਂਕਿ ਤਿੰਨ ਅੰਕ ਲੈਂਦੇ ਹੀ ਲਿਵਰਪੂਲ ਪਹਿਲੀ ਵਾਰ ਇਸ ਲੀਗ 'ਚ 90 ਤੋਂ ਉਪਰ ਅੰਕ ਹਾਸਲ ਕਰੇਗੀ।

ਲੇਵੰਦੋਵਸਕੀ ਦੇ ਗੋਲ ਨਾਲ ਮਿਊਨਿਖ ਫਾਈਨਲ 'ਚ

ਬਰਲਿਨ : ਰਾਬਰਟ ਲੇਵੰਦੋਵਸਕੀ ਦੇ ਪੈਨਾਲਟੀ 'ਤੇ ਕੀਤੇ ਗਏ ਗੋਲ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ ਇੱਥੇ ਵੇਰਡਰ ਬ੍ਰੇਮੇਨ ਨੂੰ ਰੋਮਾਂਚਕ ਮੁਕਾਬਲੇ 'ਚ 3-2 ਨਾਲ ਹਰਾ ਕੇ ਜਰਮਨ ਕੱਪ ਦੇ ਫਾਈਨਲ 'ਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ 25 ਮਈ ਨੂੰ ਆਰਬੀ ਲਿਪਜਿਗ ਨਾਲ ਹੋਵੇਗਾ। ਲੇਵੰਦੋਵਸਕੀ ਨੇ ਇਸ ਸੈਮੀਫਾਈਨਲ ਮੈਚ 'ਚ ਦੋ ਗੋਲ ਕੀਤੇ ਤੇ ਟੀਮ 23ਵੀਂ ਵਾਰ ਖ਼ਿਤਾਬੀ ਮੁਕਾਬਲੇ 'ਚ ਪੁੱਜ ਗਈ। ਲੇਵੰਦੋਵਸਕੀ ਨੇ 36ਵੇਂ ਮਿੰਟ 'ਚ ਗੋਲ ਕਰਕੇ ਮਿਊਨਿਖ ਦਾ ਮੈਚ 'ਚ ਖਾਤਾ ਖੋਲ ਦਿੱਤਾ ਤੇ ਟੀਮ ਨੇ ਪਹਿਲੇ ਹਾਫ਼ 'ਚ 1-0 ਨਾਲ ਵਾਧਾ ਆਪਣੇ ਕੋਲ ਰੱਖਿਆ। ਦੂਜੇ ਹਾਫ 'ਚ ਚਾਰ ਗੋਲ ਹੋਏ। ਇਸ ਵਾਰ ਥਾਮਸ ਮੁਲਰ ਨੇ 63ਵੇਂ ਮਿੰਟ 'ਚ ਗੋਲ ਕਰਕੇ ਮਿਊਨਿਖ ਨੂੰ 2-0 ਦਾ ਵਾਧਾ ਦਿਵਾਇਆ। ਹਾਲਾਂਕਿ ਇਸ ਦੇ 11 ਮਿੰਟ ਬਾਅਦ ਹੀ ਓਸਾਕੋ ਨੇ ਗੋਲ ਕਰਕੇ ਬ੍ਰੇਮੇਨ ਦੀ ਮੈਚ 'ਚ ਵਾਪਸੀ ਕਰਵਾਈ। ਇਸ ਦੇ ਇਕ ਮਿੰਟ ਬਾਅਦ ਮਿਲੋਟ ਨੇ ਬਾਕਸ ਅੰਦਰੋਂ ਸੱਜੇ ਪੈਰ ਨਾਲ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਵਿਚਾਲੇ, ਮਿਊਨਿਖ ਨੂੰ ਪੈਨਾਲਟੀ ਮਿਲੀ, ਜਿਸ ਦਾ ਫਾਇਦਾ ਲੇਵੰਦੋਵਸਕੀ ਨੇ 83ਵੇਂ ਮਿੰਟ 'ਚ ਗੋਲ ਦੇ ਰੂਪ 'ਚ ਚੁੱਕ ਕੇ ਟੀਮ ਨੂੰ ਜਿੱਤ ਦਿਵਾਈ।