ਲੰਡਨ (ਏਜੰਸੀ) : ਪਿਛਲੀ ਚੈਂਪੀਅਨ ਮਾਨਚੈਸਟਰ ਸਿਟੀ ਨੇ ਇਗਲਿੰਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਚੇਲਸੀ ਨੂੰ 2-1 ਨਾਲ ਹਰਾ ਕੇ ਮੌਜੂਦਾ ਸੈਸ਼ਨ ਵਿਚ ਸ਼ਿਖਰ 'ਤੇ ਚੱਲ ਰਹੇ ਲਿਵਰਪੂਲ ਫੁੱਟਬਾਲ ਕਲੱਬ ਦੇ ਨਾਲ ਖ਼ਿਤਾਬੀ ਦੌੜ ਵਿਚ ਖ਼ੁਦ ਨੂੰ ਬਰਕਰਾਰ ਰੱਖਿਆ।

ਇਤਿਹਾਦ ਵਿਚ ਸ਼ਨਿਚਰਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਚੇਲਸੀ ਨੇ ਇੰਗੋਲੋ ਕਾਂਟੇ (21ਵੇਂ ਮਿੰਟ) ਦੇ ਗੋਲ ਨਾਲ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ ਪਰ ਛੇਤੀ ਹੀ ਸਿਟੀ ਨੇ ਮੁਕਾਬਲੇ ਵਿਚ ਵਾਪਸੀ ਕੀਤੀ। ਪਹਿਲਾਂ ਕੇਵਿਨ ਡਿ ਬਰੂਨੇ (29ਵੇਂ ਮਿੰਟ) ਨੇ ਸਿਟੀ ਨੂੰ ਬਰਾਬਰੀ ਦਿਵਾਈ ਅਤੇ ਫਿਰ ਰਿਆਦ ਮਹਾਰੇਜ਼ (37ਵੇਂ ਮਿੰਟ) ਨੇ ਬਾਕਸ ਦੇ ਅੰਦਰ ਤੋਂ ਸ਼ਾਨਦਾਰ ਗੋਲ ਕਰ ਕੇ ਸਿਟੀ ਨੂੰ ਬੜ੍ਹਤ ਦਿਵਾਈ ਜੋ ਅੰਤ ਵਿਚ ਫ਼ੈਸਲਾਕੁੰਨ ਸਾਬਤ ਹੋਈ।

ਜੇ ਇੰਜੁਰੀ ਟਾਈਮ ਵਿਚ ਰਹੀਮ ਸਟਰਲਿੰਗ ਵੱਲੋਂ ਕੀਤੇ ਗਏ ਗੋਲ ਨੂੰ ਵੀਡਿਓ ਅਸਿਟੈਂਟ ਰੈਫਰੀ (ਵਾਰ) ਦੀ ਮਦਦ ਨਾਲ ਅਯੋਗ ਕਰਾਰ ਨਹੀਂ ਦਿੱਤਾ ਗਿਆ ਹੁੰਦਾ ਤਾਂ ਮੈਨੇਜਰ ਪੇਪ ਗਾਰਡੀਓਲਾ ਦੀ ਟੀਮ ਦੀ ਜਿੱਤ ਦਾ ਫ਼ਰਕ ਵੱਡਾ ਹੋ ਸਕਦਾ ਸੀ। ਇਸ ਮੁਕਾਬਲੇ ਵਿਚ ਸਿਟੀ ਨੇ 46.74 ਫ਼ੀਸਦੀ ਗੇਂਦ 'ਤੇ ਕਬਜ਼ਾ ਕੀਤਾ ਪਰ ਇਸ ਮਾਮਲੇ ਵਿਚ ਇਹ ਗਾਰਡੀਓਲਾ ਦੇ ਮੈਨੇਜਰ ਕਰੀਅਰ ਦੇ ਕੁਲ 381 ਮੁਕਾਬਲਿਆਂ ਵਿਚ ਸਭ ਤੋਂ ਘੱਟ ਰਿਹਾ। ਉਧਰ ਲਿਵਰਪੂਲ ਨੇ ਕ੍ਰਿਸਟਲ ਪੈਲੇਸ ਨੂੰ 2-1 ਨਾਲ ਹਰਾ ਕੇ ਖ਼ੁਦ ਨੂੰ ਮਜ਼ਬੂਤ ਕੀਤਾ। ਉਥੇ ਸ਼ਨਿਚਰਵਾਰ ਨੂੰ ਟਾਟਨਹਮ ਦੇ ਮੈਨੇਜਰ ਦੇ ਤੌਰ 'ਤੇ ਪਹਿਲੀ ਵਾਰ ਉਤਰੇ ਜੋਸ ਮੈਰਿਨਹੋ ਦੇ ਮਾਰਗਦਰਸ਼ਨ ਵਿਚ ਉਨ੍ਹਾਂ ਦੀ ਟੀਮ ਨੇ ਬੇਸਟਹਮ ਨੂੰ 3-2 ਨਾਲ ਹਰਾਇਆ। ਨਾਲ ਹੀ ਲੀਸੇਸਟਰ ਸਿਟੀ ਨੇ ਬਿ੍ਜਟਨ ਨੂੰ 2-0 ਨਾਲ ਮਾਤ ਦੇ ਕੇ ਸੂਚੀ ਵਿਚ ਦੂਜਾ ਸਥਾਨ ਹਾਸਲ ਕੀਤਾ। ਸੂਚੀ ਵਿਚ ਲਿਵਰਪੂਲ 37 ਅੰਕਾਂ ਦੇ ਨਾਲ ਪਹਿਲੇ ਅਤੇ ਲੀਸੇਟਰ 29 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਉਥੇ ਚੇਲਸੀ ਨੂੰ ਹਰਾਉਣ ਤੋਂ ਬਾਅਦ ਸਿਟੀ 28 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਪੁੱਜ ਗਈ।