ਰੋਮ (ਰਾਇਟਰ) : ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਐਤਵਾਰ ਨੂੰ ਆਪਣੀ ਸ਼ਾਨਦਾਰ ਲੈਅ ਨੂੰ ਕਾਇਮ ਰੱਖਿਆ ਜਿਸ ਦੀ ਬਦੌਲਤ ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ਵਿਚ ਜੁਵੈਂਟਸ ਨੇ ਏਐੱਸ ਰੋਮਾ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਖੇਡ ਦੇ ਤੀਜੇ ਹੀ ਮਿੰਟ ਵਿਚ ਮੇਰੀਹ ਡੇਨਿਮਾ ਨੇ ਗੋਲ ਕਰ ਕੇ ਮੌਜੂਦਾ ਚੈਂਪੀਅਨ ਜੁਵੈਂਟਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਜਿਸ ਨੂੰ 10ਵੇਂ ਮਿੰਟ ਵਿਚ ਪੈਨਲਟੀ ਕਿੱਕ 'ਤੇ ਗੋਲ ਕਰ ਕੇ ਰੋਨਾਲਡੋ ਨੇ ਦੁੱਗਣਾ ਕਰ ਦਿੱਤਾ। ਉਥੇ 68ਵੇਂ ਮਿੰਟ ਵਿਚ ਏਐੱਸ ਰੋਮਾ ਦੇ ਡਿਏਗੋ ਪੇਰੋਤੀ ਨੇ ਆਪਣੀ ਟੀਮ ਲਈ ਇਕਲੌਤਾ ਗੋਲ ਕੀਤਾ। ਸੂਚੀ ਵਿਚ ਜੁਵੈਂਟਸ 48 ਅੰਕਾਂ ਨਾਲ ਚੋਟੀ 'ਤੇ ਹੈ ਤੇ ਉਸ ਨੇ ਦੂਜੇ ਸਥਾਨ 'ਤੇ ਕਾਬਜ ਇੰਟਰ ਮਿਲਾਨ 'ਤੇ ਦੋ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਮੁਕਾਬਲੇ ਦੌਰਾਨ ਰੋਨਾਲਡੋ ਨੇ ਮੌਜੂਦਾ ਸੈਸ਼ਨ ਦਾ ਕੁੱਲ 14ਵਾਂ ਤੇ ਪਿਛਲੇ ਛੇ ਸੀਰੀ-ਏ ਮੁਕਾਬਲਿਆਂ ਵਿਚ ਨੌਵਾਂ ਗੋਲ ਕੀਤਾ।

ਨਿਕੋਲੋ ਦੇ ਲੱਗੀ ਸੱਟ :

ਇਸ ਮੁਕਾਬਲੇ ਦੌਰਾਨ ਏਐੱਸ ਰੋਮਾ ਦੇ ਸਟ੍ਰਾਈਕਰ ਨਿਕੋਲੋ ਜੇਨੀਏਲੋ ਨੂੰ ਸੱਟ ਕਾਰਨ ਸਟ੍ਰੈਚਰ 'ਤੇ ਮੈਦਾਨ 'ਚੋਂ ਬਾਹਰ ਲਿਜਾਣਾ ਪਿਆ ਜੋ ਮੈਦਾਨ ਛੱਡਦੇ ਸਮੇਂ ਬਹੁਤ ਭਾਵੁਕ ਨਜ਼ਰ ਆਏ।