ਦੋਹਾ (ਪੀਟੀਆਈ) : ਚਿੰਕੀ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ 14ਵੀਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਦੇਸ਼ ਲਈ 11ਵਾਂ ਟੋਕੀਓ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਹਾਲਾਂਕਿ ਉਹ ਮੈਡਲ ਜਿੱਤਣ ਤੋਂ ਖੁੰਝ ਗਈ। 25 ਮੀਟਰ ਪਿਸਟਲ ਵਿਚ ਇਹ ਭਾਰਤ ਦਾ ਦੂਜਾ ਕੋਟਾ ਹੈ। ਰਾਸ਼ਟਰੀ ਚੈਂਪੀਅਨਸ਼ਿਪ ਦੀ ਸਿਲਵਰ ਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਜੇਤੂ ਨਿਸ਼ਾਨੇਬਾਜ਼ ਫਾਈਨਲ ਵਿਚ ਆਪਣਾ ਪ੍ਰਦਰਸ਼ਨ ਦੁਹਰਾਉਣ ਵਿਚ ਨਾਕਾਮ ਰਹੀ। ਉਹ 116 ਅੰਕਾਂ ਨਾਲ ਛੇਵਾਂ ਸਥਾਨ ਹੀ ਹਾਸਲ ਕਰ ਸਕੀ। ਭੋਪਾਲ ਵਿਚ ਸੂਬਾਈ ਸਰਕਾਰ ਦੇ ਖੇਡ ਵਿਭਾਗ ਵਿਚ ਕੰਮ ਕਰਨ ਵਾਲੇ ਬਿਜਲੀ ਕਰਮਚਾਰੀ ਦੀ ਧੀ ਚਿੰਕੀ ਨੇ ਲੁਸੇਲ ਸ਼ੂਟਿੰਗ ਰੇਂਜ ਵਿਚ ਹੋਏ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ 'ਚ ਦੂਜਾ ਸਥਾਨ ਹਾਸਲ ਕੀਤਾ। ਪੇਂਟਿੰਗ ਵਿਚ ਦਿਲਚਸਪੀ ਰੱਖਣ ਵਾਲੀ ਚਿੰਕੀ ਨੇ ਕਿਹਾ ਕਿ ਮੈਂ ਆਪਣੀ ਖ਼ੁਸ਼ੀ ਨੂੰ ਬਿਆਨ ਨਹੀਂ ਕਰ ਸਕਦੀ। ਇਹ ਮੇਰੇ ਲਈ ਮੇਰਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਇਸ ਉਪਲਬਧੀ ਦਾ ਮਾਣ ਮੈਂ ਕੋਚ ਜਸਪਾਲ ਰਾਣਾ ਤੇ ਭੋਪਾਲ ਅਕੈਡਮੀ, ਐੱਨਆਰਏਆਈ ਨੂੰ ਦਿੰਦੀ ਹਾਂ। 21 ਸਾਲ ਦੀ ਚਿੰਕੀ ਨੇ ਕੁਆਲੀਫਿਕੇਸ਼ਨ ਗੇੜ ਵਿਚ 588 ਅੰਕਾਂ ਨਾਲ ਦੂਜਾ ਤੇ ਥਾਈਲੈਂਡ ਦੇ ਨੇਫਸਵਾਨ ਯਾਂਗਪਾਬੂਨ ਨੇ 590 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਚਿੰਕੀ ਨੇ ਓਲੰਪਿਕ ਕੋਟਾ ਹਾਸਲ ਕਰ ਲਿਆ। ਹੋਰ ਭਾਰਤੀਆਂ ਵਿਚ ਅਨੁਰਾਜ ਸਿੰਘ (575) ਤੇ ਨੀਰਜ ਕੌਰ (572) ਨੇ ਕ੍ਰਮਵਾਰ 21ਵਾਂ ਤੇ 27ਵਾਂ ਸਥਾਨ ਹਾਸਲ ਕੀਤਾ।

ਇਹ ਭਾਰਤੀ ਰਹੇ ਹੁਣ ਤਕ ਕਾਮਯਾਬ :

ਹੁਣ ਤਕ ਭਾਰਤ ਨੂੰ 10 ਮੀਟਰ ਏਅਰ ਰਾਈਫਲ (ਮਰਦ ਤੇ ਮਹਿਲਾ), 50 ਮੀਟਰ ਰਾਈਫਲ ਵਿਚ ਤਿੰਨ ਸਥਾਨ (ਮਰਦ), 10 ਮੀਟਰ ਏਅਰ ਪਿਸਟਲ (ਮਰਦ ਤੇ ਮਹਿਲਾ) ਤੇ 25 ਮੀਟਰ ਏਅਰ ਪਿਸਟਲ (ਮਹਿਲਾ) ਵਿਚ ਟੋਕੀਓ ਓਲੰਪਿਕ ਕੋਟਾ ਮਿਲ ਚੁੱਕਾ ਹੈ।