ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਖੇਡਾਂ ਦਾ ਸਾਮਾਨ ਬਣਾਉਣ ਵਾਲੀਆਂ ਭਾਰਤੀ ਕੰਪਨੀਆਂ ਚੀਨੀ 'ਕਬਜ਼ੇ' ਨੂੰ ਹਟਾ ਕੇ 'ਆਤਮ ਨਿਰਭਰ' ਬਣਨਾ ਚਾਹੁੰਦੀਆਂ ਹਨ ਪਰ ਇਸ ਲਈ ਉਨ੍ਹਾਂ ਨੂੰ ਸਰਕਾਰੀ ਮਦਦ ਤੇ ਨੀਤੀਆਂ ਵਿਚ ਤਬਦੀਲੀ ਦੀ ਲੋੜ ਹੈ। ਐੱਲਏਸੀ 'ਤੇ ਚੀਨ ਦੀਆਂ ਹਰਕਤਾਂ ਨੇ ਦੇਸ਼ ਵਿਚ ਉਸ ਖ਼ਿਲਾਫ਼ ਮਾਹੌਲ ਵੀ ਬਣਾ ਦਿੱਤਾ ਹੈ ਤੇ ਭਾਰਤੀ ਕੰਪਨੀਆਂ ਉਸ ਦਾ ਫ਼ਾਇਦਾ ਵੀ ਉਠਾਉਣਾ ਚਾਹੁੰਦੀਆਂ ਹਨ। ਭਾਰਤੀ ਖੇਡਾਂ ਵਿਚ ਚੀਨ ਦਾ ਦਖ਼ਲ ਇਸ ਹੱਦ ਤਕ ਹੈ ਕਿ ਭਾਰਤੀ ਓਲੰਪਿਕ ਸੰਘ ਦੀ ਮੁੱਖ ਸਪਾਂਸਰ ਖੇਡ ਸਾਮਾਨ ਬਣਾਉਣ ਵਾਲੀ ਚੀਨੀ ਕੰਪਨੀ ਲੀਨਿੰਗ ਹੈ ਜਦਕਿ ਆਈਪੀਐੱਲ ਦੀ ਸਪਾਂਸਰ ਉਸੇ ਦੇਸ਼ ਦੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਹੈ। ਦੇਸ਼ ਵਿਚ ਸ਼ਟਲ ਕਾਕ, ਟੈਨਿਸ ਰੈਕਟ, ਕੁਸ਼ਤੀ ਮੈਟ, ਟੇਬਲ ਟੈਨਿਸ ਦੀ ਗੇਂਦ, ਬੈਡਮਿੰਟਨ, ਜੈਵਲਿਨ (ਨੇਜ਼ਾ), ਹਾਈ ਜੰਪ ਬਾਰ, ਮੁੱਕੇਬਾਜ਼ੀ ਹੈੱਡਗਾਰਡ, ਮਾਊਂਟਨ ਕਲਾਈਂਬਿੰਗ ਨਾਲ ਜੁੜੇ ਸਾਮਾਨ ਜਿੰਮ ਦਾ ਸਾਮਾਨ ਤੇ ਖੇਡਾਂ ਦੇ ਕੱਪੜੇ ਤਕ ਚੀਨ ਤੋਂ ਦਰਾਮਦ ਹੁੰਦੇ ਹਨ। ਵਿੱਤੀ ਵਿਭਾਗ ਦੇ 2018-19 ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ 50 ਫ਼ੀਸਦੀ ਤੋਂ ਜ਼ਿਆਦਾ ਖੇਡਾਂ ਦਾ ਸਾਮਾਨ ਦੀ ਦਰਾਮਦ ਚੀਨ ਤੋਂ ਹੁੰਦੀ ਹੈ। ਹਾਲਾਂਕਿ, ਭਾਰਤ ਵਿਚ ਸਭ ਤੋਂ ਜ਼ਿਆਦਾ ਖੇਡਿਆ ਜਾਣ ਵਾਲਾ ਖੇਡ ਕ੍ਰਿਕਟ ਇਸ ਤੋਂ ਵੱਖ ਹੈ। ਜ਼ਿਆਦਾਤਰ ਭਾਰਤੀ ਕ੍ਰਿਕਟਰ ਭਾਰਤ ਵਿਚ ਬਣਿਆ ਹੀ ਸਾਮਾਨ ਇਸਤੇਮਾਲ ਕਰਦੇ ਹਨ ਤੇ ਦੇਸ਼ ਵਿਚ ਉਸ ਦੀ ਦਰਾਮਦ ਬਹੁਤ ਘੱਟ ਹੈ। ਕ੍ਰਿਕਟ ਦੇ ਬੱਲੇ, ਗੇਂਦ, ਸਟੰਪ, ਪੈਡ, ਗਲੱਬਜ਼ ਆਦਿ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਜੇ ਅਜਿਹਾ ਕਰ ਸਕਦੀਆਂ ਹਨ ਤਾਂ ਬਾਕੀ ਵੀ ਕਰ ਸਕਦੇ ਹਨ। ਭਾਰਤੀ ਮੁੱਕੇਬਾਜ਼ ਮਨੋਜ ਕੁਮਾਰ ਨੇ ਕਿਹਾ ਹੈ ਕਿ ਕੋਈ ਵੀ ਐਥਲੀਟ ਨਹੀਂ ਚਾਹੁੰਦਾ ਕਿ ਉਹ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਕਰੇ। ਉਹ ਤਿਰੰਗੇ ਲਈ ਖੇਡਦਾ ਹੈ, ਪਰ ਉਨ੍ਹਾਂ ਨੂੰ ਮਜਬੂਰੀ ਵਿਚ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿੱਥੇ ਤਕ ਮੇਰੀ ਗੱਲ ਹੈ ਤਾਂ ਮੈਂ ਭਾਰਤੀ ਕੰਪਨੀ ਦੀ ਕਿੱਟ ਪਹਿਨਦਾ ਹਾਂ। ਜੋ ਬੂਟ ਮੈਂ ਇਸਤੇਮਾਲ ਕਰਦਾ ਹਾਂ, ਭਾਰਤ ਵਿਚ ਉਸ ਕੁਆਲਿਟੀ ਦੇ ਬੂਟ ਨਹੀਂ ਮਿਲਦੇ। ਇਕ ਭਾਰਤੀ ਟੇਬਲ ਟੈਨਿਸ ਖਿਡਾਰੀ ਨੇ ਕਿਹਾ ਕਿ ਰੈਕਟ ਤੇ ਟੇਬਲ ਭਾਰਤ ਵਿਚ ਹੀ ਬਣਦੇ ਹਨ ਪਰ ਗੇਂਦ 'ਤੇ ਚੀਨ ਦਾ ਏਕਾਧਿਕਾਰ ਹੈ। ਵਿਸ਼ਵ ਤੇ ਏਸ਼ੀਅਨ ਚੈਂਪੀਅਨਸ਼ਿਪ ਨੂੰ ਛੱਡ ਕੇ ਪੂਰੇ ਦੁਨੀਆ ਦੇ ਟੂਰਨਾਮੈਂਟਾਂ ਵਿਚ ਚੀਨੀ ਗੇਂਦ ਦੀ ਹੀ ਵਰਤੋਂ ਹੁੰਦੀ ਹੈ। ਸਾਰੇ ਭਾਰਤੀ ਖਿਡਾਰੀ ਇਸੇ ਸੈੱਟ ਦੀ ਗੇਂਦ ਨਾਲ ਅਭਿਆਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਪਿੰਨ ਤੇ ਉਛਾਲ ਨਾਲ ਤਾਲਮੇਲ ਬਿਠਾਉਣਾ ਪੈਂਦਾ ਹੈ।

ਚੀਨੀ ਕੰਪਨੀਆਂ ਕਾਰਨ ਹੁੰਦੈ ਨੁਕਸਾਨ : ਸੁਮਿਤ

ਜਲੰਧਰ ਦੀ ਨੋਵਾ ਫਿਟਨੈੱਸ ਦੇ ਮੈਨੇਜਿੰਗ ਡਾਇਰੈਕਟਰ ਸੁਮਿਤ ਸ਼ਰਮਾ ਨੇ ਕਿਹਾ ਹੈ ਕਿ ਅਸੀਂ ਬੈਡਮਿੰਟਨ ਰੈਕਟ ਬਣਾਉਂਦੇ ਹਾਂ। ਚੀਨੀ ਕੰਪਨੀਆਂ ਕਾਰਨ ਸਾਡਾ ਕਾਫੀ ਨੁਕਸਾਨ ਹੋਇਆ ਹੈ। ਜੇ ਚੀਨ ਤੋਂ ਰੈਕਟ ਦੀ ਦਰਾਮਦ 'ਤੇ ਪਾਬੰਦੀ ਲੱਗੇਗੀ ਜਾਂ ਉਸ 'ਤੇ ਟੈਕਸ ਵਧੇਗਾ ਤਾਂ ਸਾਡੀ ਇੰਡਸਟ੍ਰੀ ਅੱਗੇ ਵਧੇਗੀ। ਕੇਂਦਰ ਸਰਕਾਰ ਕੱਚੇ ਮਾਲ 'ਤੇ ਕਸਟਮ ਡਿਊਟੀ ਘੱਟ ਕਰੇ ਤੇ ਤਿਆਰ ਮਾਲ 'ਤੇ ਵਧਾਏ। ਅਜੇ ਇਸ ਦਾ ਉਲਟਾ ਹੋ ਰਿਹਾ ਹੈ। ਚੀਨ ਖ਼ਿਲਾਫ਼ ਮਾਹੌਲ ਨਾਲ ਹੁਣ ਹੀ ਫ਼ਰਕ ਆਉਣ ਲੱਗਾ ਹੈ। ਅਸੀਂ ਪਹਿਲਾਂ ਉੱਚ ਪੱਧਰੀ ਰੈਕਟ ਨਹੀਂ ਬਣਾਉਂਦੇ ਸੀ ਕਿਉਂਕਿ ਕੱਚਾ ਮਾਲ ਮਹਿੰਗਾ ਪੈਂਦਾ ਸੀ। ਅਸੀਂ ਕਾਰਬਨ ਗ੍ਰੇਫਾਈਟ ਦਾ ਪਲਾਂਟ ਲਾਉਣ ਦੀ ਸੋਚ ਰਹੇ ਹਾਂ, ਇਸ ਵਿਚ ਉੱਚ ਪੱਧਰੀ ਰੈਕਟ ਬਣਦੇ ਹਨ ਜੋ ਚੋਟੀ ਦੇ ਪੱਧਰ ਦੇ ਸ਼ਟਲਰ ਇਸਤੇਮਾਲ ਕਰਦੇ ਹਨ। ਸਰਕਾਰ ਮਦਦ ਕਰੇਗੀ ਤਾਂ ਨਿਰਮਾਤਾ ਆਪਣੀ ਤਕਨੀਕ ਨੂੰ ਆਧੁਨਿਕ ਕਰਨਗੇ ਤੇ ਵੱਧ ਜੋਖ਼ਮ ਲੈ ਸਕਣਗੇ।

ਖੇਡ ਸੈਕਟਰ ਲਈ ਕਿਸੇ ਵੀ ਸਰਕਾਰ ਨੇ ਕਦੀ ਕੁਝ ਨਹੀਂ ਕੀਤਾ : ਕੋਹਲੀ

ਜਲੰਧਰ ਦੇ ਹੀ ਰਕਸ਼ਕ ਸਪੋਰਟਸ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਕੋਹਲੀ ਨੇ ਕਿਹਾ ਹੈ ਕਿ ਭਾਰਤ ਵਿਚ ਕ੍ਰਿਕਟ ਤੇ ਹਾਕੀ ਦੇ ਸਾਮਾਨ ਦੇ ਨਾਲ ਫੁੱਟਬਾਲ ਵੀ ਬਣਦੇ ਹਨ। ਯੋਗਾ ਮੈਟ ਤਕ ਚੀਨ ਤੋਂ ਆ ਰਿਹਾ ਹੈ। ਖੇਡ ਸੈਕਟਰ ਲਈ ਕਿਸੇ ਵੀ ਸਰਕਾਰ ਨੇ ਕਦੀ ਕੁਝ ਨਹੀਂ ਕੀਤਾ। ਅਸੀਂ ਆਪਣੇ ਦਮ 'ਤੇ ਹੀ ਕੰਮ ਕਰ ਰਹੇ ਹਾਂ। ਚੀਨ ਵਿਚ ਸਰਕਾਰ ਬਹੁਤ ਮਦਦ ਕਰਦੀ ਹੈ, ਬਿਜਲੀ ਸਸਤੀ ਹੈ, ਬੈਂਕ ਲੋਨ ਸਸਤੇ ਹਨ। ਚੀਨ ਦਾ ਬਾਇਕਾਟ ਕਰਨ ਦੀ ਥਾਂ ਉਸ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਜੇ ਸਾਡੇ ਇੱਥੇ ਚੰਗੀਆਂ ਤੇ ਸਸਤੀਆਂ ਚੀਜ਼ਾਂ ਮਿਲਣਗੀਆਂ ਤਾਂ ਕੋਈ ਕਿਉਂ ਚੀਨੀ ਸਾਮਾਨ ਖ਼ਰੀਦੇਗਾ। ਅਸੀਂ ਹਾਕੀ ਸਟਿਕ ਤੇ ਇਸ ਖੇਡ ਨਾਲ ਜੁੜੇ ਸਾਮਾਨ ਬਣਾਉਂਦੇ ਹਾਂ। ਉਨ੍ਹਾਂ ਨੂੰ ਆਸਟ੍ਰੇਲੀਆ, ਸਿੰਗਾਪੁਰ, ਮਲੇਸ਼ੀਆ, ਜਾਪਾਨ ਤੇ ਦੱਖਣੀ ਕੋਰੀਆ ਨੂੰ ਵੀ ਬਰਾਮਦ ਕਰਦੇ ਹਾਂ। ਸਾਡੇ ਸੈਕਟਰ ਵਿਚ ਚੀਨੀ ਕੰਨਪੀਆਂ ਨਾਲ ਟੱਕਰ ਘੱਟ ਹੈ।


ਮੈਂ ਬਹੁਤ ਸਾਲਾਂ ਤੋਂ ਮੁੱਕੇਬਾਜ਼ੀ ਦਾ ਸਾਮਾਨ ਬਣਾਉਣ ਵਾਲਿਆਂ ਨੂੰ ਕਹਿ ਰਿਹਾ ਹਾਂ ਕਿ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ ਤੋਂ ਖ਼ੁਦ ਨੂੰ ਪ੍ਰਮਾਣਤ ਕਰਵਾਓ। ਸਾਡਾ ਸਾਮਾਨ ਕਿਸੇ ਕੰਮ ਦਾ ਨਹੀਂ ਹੈ। ਅਸੀਂ ਮੁੱਕੇਬਾਜ਼ੀ ਦੀ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਸਾਮਾਨ ਦਾ ਹੀ ਇਸਤੇਮਾਲ ਕਰਦੇ ਹਾਂ ਤੇ ਮੈਨੂੰ ਇਸ ਗੱਲ ਦਾ ਮਾਣ ਹੈ। ਚੀਨ ਹੀ ਨਹੀਂ, ਕਿਸੇ ਨੂੰ ਵੀ ਮੁਕਾਬਲੇ ਵਿਚ ਪਛਾੜਨਾ ਹੈ ਤਾਂ ਸਾਡਾ ਸਾਮਾਨ ਚੰਗਾ ਹੋਣਾ ਚਾਹੀਦਾ ਹੈ। ਭਾਰਤ ਦੀ ਮਾਰਕਿਟ ਬਹੁਤ ਵੱਡੀ ਹੈ। ਇਕ ਕਾਰਨ ਇਹ ਵੀ ਹੈ ਕਿ ਸਾਡੀਆਂ ਕੰਪਨੀਆਂ ਥੋੜ੍ਹੇ 'ਚ ਹੀ ਸੰਤੁਸ਼ਟ ਹੋ ਜਾਂਦੀਆਂ ਹਨ ਜਿਸ ਨਾਲ ਉਹ ਬਾਹਰ ਜਾਣ ਦੀ ਨਹੀਂ ਸੋਚਦੀਆਂ। ਸਾਡੇ ਲੋਕ ਅੰਤਰਰਾਸ਼ਟਰੀ ਬਰਾਂਡ ਬਣਾਉਣ ਵਿਚ ਪਿੱਛੇ ਰਹਿ ਜਾਂਦੇ ਹਨ।


-ਜੈਅ ਕਵਲੀ, ਜਨਰਲ ਸਕੱਤਰ, ਭਾਰਤੀ ਮੁੱਕੇਬਾਜ਼ੀ ਸੰਘ


ਚੀਨ ਖੇਡ ਦੇ ਸਾਮਾਨ ਵਿਚ ਅੱਗੇ ਹੈ ਤੇ ਉਸ ਦਾ ਕਾਰਨ ਹੈ ਕਿ ਉਸ ਦੀਆਂ ਕੰਪਨੀਆਂ ਵਿਸ਼ਵ ਦੇ ਸਰਬੋਤਮ ਖੇਡ ਸੰਘਾਂ ਤੋਂ ਪ੍ਰਮਾਣਤ ਹਨ। ਉਨ੍ਹਾਂ ਦੇ ਇੱਥੇ ਸਕਿਲ ਮਜ਼ਦੂਰ ਹਨ ਤੇ ਮਸ਼ੀਨਾਂ ਆਧੁਨਿਕ ਹਨ ਜਿਸ ਨਾਲ ਸਾਮਾਨ ਦੀ ਕੁਆਲਿਟੀ ਚੰਗੀ ਹੁੰਦੀ ਹੈ। ਸਾਮਾਨ ਨੂੰ ਬਣਾਉਣਾ ਤੇ ਉਸ ਨੂੰ ਪੋਰਟ ਤਕ ਭੇਜਣਾ ਕਾਫੀ ਸੌਖਾ ਹੈ। ਜੇ ਸਾਡਾ ਖੇਡ ਸਾਮਾਨ ਮੇਰਠ ਵਿਚ ਬਣਦਾ ਹੈ ਤਾਂ ਉਸ ਨੂੰ ਪੋਰਟ ਤਕ ਭੇਜਣ ਵਿਚ ਹੀ ਨਿਰਮਾਤਾ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ। ਸਰਕਾਰ ਜੇ ਖੇਡ ਸੈਕਟਰ 'ਤੇ ਧਿਆਨ ਦੇਵੇ ਤਾਂ ਬਹੁਤ ਚੰਗਾ ਹੋਵੇਗਾ। ਹੌਲੀ-ਹੌਲੀ ਅਸੀਂ ਇਸ ਮਾਮਲੇ ਵਿਚ ਵੀ ਚੀਨ ਨੂੰ ਮਾਤ ਦੇ ਸਕਦੇ ਹਾਂ। ਸਰਕਾਰ ਨੂੰ ਖੇਡ ਨਿਰਮਾਤਾਵਾਂ ਲਈ ਵੱਖ ਵੱਖ ਸੈਕਟਰ ਬਣਾਉਣੇ ਚਾਹੀਦੇ ਹਨ।


-ਡਾਕਟਰ ਦਿਨੇਸ਼ ਕਪੂਰ, ਮੈਨੇਜਿੰਗ ਡਾਇਰੈਕਟਰ, ਫਿਟਨੈੱਸ ਵਰਲਡ


ਕਿ੍ਕਟ ਇੰਡਸਟ੍ਰੀ ਚੀਨ 'ਤੇ ਬਿਲਕੁਲ ਵੀ ਨਿਰਭਰ ਨਹੀਂ ਹੈ। ਅੱਜ ਭਾਰਤ ਵਿਚ 90 ਫ਼ੀਸਦੀ ਕ੍ਰਿਕਟ ਦਾ ਸਾਮਾਨ ਤਿਆਰ ਹੁੰਦਾ ਹੈ, ਜੋ ਪੂਰੀ ਦੁਨੀਆ ਵਿਚ ਜਾਂਦਾ ਹੈ। ਦੂਜੀਆਂ ਖੇਡਾਂ ਵਿਚ ਚੀਨ ਦੀ ਨਿਰਭਰਤਾ ਖ਼ਤਮ ਕਰਨ ਹੋਣ ਲਈ ਤਕਨੀਕ 'ਤੇ ਨਿਵੇਸ਼ ਕਰਨਾ ਪੇਵਗਾ। ਘੱਟ ਵਿਆਜ ਦਰ 'ਤੇ ਲੋਨ, ਕਾਰੀਗਰਾਂ ਲਈ ਹੁਨਰ ਸੁਧਾਰ ਸੈਂਟਰ, ਖੇਡਾਂ ਤੇ ਫਿਟਨੈੱਸ ਸਾਮਾਨ 'ਤੇ ਜੀਐੱਸਟੀ ਘੱਟ ਕਰਨੀ ਪਵੇਗੀ।


-ਪਾਰਸ ਆਨੰਦ, ਮਾਰਕੀਟਿੰਗ ਡਾਇਰੈਕਟਰ, ਐੱਸਜੀ ਕ੍ਰਿਕਟ

-ਖੇਡ ਸਾਮਾਨ 'ਚ 50 ਫ਼ੀਸਦੀ ਤਕ ਹੈ ਚੀਨੀ ਕੰਪਨੀਆਂ ਦਾ ਕਬਜ਼ਾ