ਫੁਝੋਊ (ਏਜੰਸੀ) : ਚੋਟੀ ਦੇ ਮਰਦ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਨਾਂ ਵਾਪਿਸ ਲੈ ਲਿਆ ਹੈ। ਹਾਲਾਂਕਿ, ਮਹਿਲਾਵਾਂ ਵਿਚ ਚੋਟੀ ਦੀ ਖਿਡਾਰਨ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਸੱਤ ਲੱਖ ਡਾਲਰ ਇਨਾਮੀ ਰਕਮ ਵਾਲੇ ਇਸ ਟੂਰਨਾਮੈਂਟ ਨਾਲ ਲੈਅ ਹਾਸਲ ਕਰਨ ਦੇ ਨਾਲ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਵਿਸ਼ਵ ਰੈਂਕਿੰਗ ਵਿਚ ਸਾਬਕਾ ਨੰਬਰ ਇਕ ਭਾਰਤੀ ਖਿਡਾਰੀ ਸ਼੍ਰੀਕਾਂਤ ਨੂੰ ਮੌਜੂਦਾ ਵਿਸ਼ਵ ਚੈਂਪੀਅਨ ਤੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਨਾਲ ਭਿੜਨਾ ਸੀ ਪਰ ਉਨ੍ਹਾਂ ਨੇ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ। ਸ਼੍ਰੀਕਾਂਤ ਅਗਲੇ ਹਫਤੇ ਖੇਡੇ ਜਾਣ ਵਾਲੇ ਹਾਂਗਕਾਂਗ ਓਪਨ ਵਿਸ਼ਵ ਟੂਰ ਸੁਪਰ 500 ਵਿਚ ਖੇਡਣਗੇ। ਹੁਣ ਭਾਰਤ ਦੀਆਂ ਨਜ਼ਰਾਂ ਸਿੰਧੂ ਤੇ ਸਾਇਨਾ ਦੀ ਖੇਡ 'ਤੇ ਹੋਣਗੀਆਂ ਜਿਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀਆਂ ਉਮੀਦਾਂ ਹਨ। ਇਸ ਤੋਂ ਪਹਿਲਾਂ ਚੀਨ, ਕੋਰੀਆ ਤੇ ਡੈਨਮਾਰਕ ਵਿਚ ਖੇਡੇ ਗਏ ਪਿਛਲੇ ਤਿੰਨ ਟੂਰਨਾਮੈਂਟਾਂ ਵਿਚ ਸਿੰਧੂ ਤੇ ਸਾਇਨਾ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਪਰ ਭਾਰਤੀ ਖਿਡਾਰੀਆਂ ਨੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਪੁੱਜ ਕੇ ਲੈਅ ਵਿਚ ਹੋਣ ਦਾ ਸੰਕੇਤ ਦਿੱਤਾ ਸੀ। ਇਸ ਸਾਲ ਅਗਸਤ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕਰਨ ਵਾਲੀ ਸਿੰਧੂ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ ਜੋ ਪਹਿਲੇ ਗੇੜ ਵਿਚ ਜਰਮਨੀ ਦੀ ਯੁਵੋਨੇਲੀ ਨਾਲ ਭਿੜੇਗੀ। ਸਿੰਧੂ ਜੇ ਸ਼ੁਰੂਆਤੀ ਗੇੜ ਦੀ ਚੁਣੌਤੀ ਨੂੰ ਪਾਰ ਕਰਨ ਵਿਚ ਸਫ਼ਲ ਰਹੀ ਤਾਂ ਕੁਆਰਟਰ ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਜਾਂ ਵਿਸ਼ਵ ਨੰਬਰ ਇਕ ਖਿਡਾਰਨ ਤਾਈ ਜੁਆਂਗ ਨਾਲ ਹੋ ਸਕਦਾ ਹੈ। ਅੱਠਵਾਂ ਦਰਜਾ ਹਾਸਲ ਸਾਇਨਾ ਦਾ ਸਾਹਮਣਾ ਚੀਨ ਦੀ ਕਾਈ ਯਾਨ ਯਾਨ ਨਾਲ ਹੋਵੇਗਾ। ਸਾਇਨਾ ਨੂੰ ਕੁਆਰਟਰ ਫਾਈਨਲ ਵਿਚ ਦੂਜਾ ਦਰਜਾ ਹਾਸਲ ਜਾਪਾਨ ਦੀ ਅਕਾਨੇ ਯਾਮਾਗੁਚੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਵਿਚ ਬੀ ਸਾਈ ਪ੍ਰਣੀਤ, ਸਮੀਰ ਵਰਮਾ, ਐੱਚਐੱਸ ਪ੍ਰਣਯ, ਪਾਰੂਪੱਲੀ ਕਸ਼ਯਪ ਵੀ ਮਰਦ ਸਿੰਗਲਜ਼ ਵਿਚ ਆਪਣੀ ਚੁਣੌਤੀ ਪੇਸ਼ ਕਰਨਗੇ। ਡਬਲਜ਼ ਵਿਚ ਸਾਤਵਿਕਸਾਈਰਾਜ ਰਕੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਮਰਦ ਜੋੜੀ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜਿਨ੍ਹਾਂ ਨੇ ਪਿਛਲੇ ਮਹੀਨੇ ਫਰੈਂਚ ਓਪਨ ਦੇ ਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ। ਭਾਰਤੀ ਜੋੜੀ ਹਾਲਾਂਕਿ ਉੱਪ ਜੇਤੂ ਰਹੀ ਸੀ।

ਲੈਅ ਕਾਇਮ ਰੱਖਣਾ ਚਾਹੁਣਗੇ ਸਾਤਵਿਕ ਤੇ ਚਿਰਾਗ :

ਡਬਲਜ਼ ਵਿਚ ਸਾਤਵਿਕ ਤੇ ਚਿਰਾਗ ਦੀ ਜੋੜੀ ਪਹਿਲੇ ਗੇੜ ਵਿਚ ਜਦ ਕੋਰੀਆ ਦੀ ਕਿਮ ਜੀ ਜੁੰਗ ਤੇ ਲੀ ਯੋਗ ਦਾਈ ਖ਼ਿਲਾਫ਼ ਕੋਰਟ 'ਚ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਫਰੈਂਚ ਓਪਨ ਦੀ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ। ਮਨੁ ਅੱਤਰੀ ਤੇ ਬੀ.ਸੁਮਿਤ ਰੈੱਡੀ ਦੀ ਜੋੜੀ ਦੇ ਸਾਹਮਣੇ ਪਹਿਲੇ ਗੇੜ ਵਿਚ ਮਲੇਸ਼ੀਆ ਦੇ ਏਰੋਨ ਚੀ ਤੇ ਸ਼ੋਹ ਵੁਈ ਿਯਕ ਦੀ ਚੁਣੌਤੀ ਹੋਵੇਗੀ। ਮਹਿਲਾ ਡਬਲਜ਼ ਵਿਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਨੂੰ ਪਹਿਲੇ ਗੇੜ ਵਿਚ ਚੀਨ ਦੀ ਲੀ ਵੇਨ ਮੇਈ ਤੇ ਝੇਂਗ ਯੂ ਨਾਲ ਭਿੜਨਾ ਪਵੇਗਾ। ਮਿਕਸਡ ਡਬਲਜ਼ ਵਿਚ ਸਾਤਵਿਕ ਤੇ ਅਸ਼ਵਿਨੀ ਦੀ ਜੋੜੀ ਤੋਂ ਇਲਾਵਾ ਪ੍ਰਣਵ ਜੇਰੀ ਚੋਪੜਾ ਤੇ ਸਿੱਕੀ ਦੀ ਜੋੜੀ ਵੀ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗੀ।