ਡੁਬਈ (ਪੀਟੀਆਈ) : ਸਟਾਰ ਸਟ੍ਰਾਈਕਰ ਸੁਨੀਲ ਛੇਤਰੀ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਭਾਰਤ ਨੇ ਫੀਫਾ ਵਿਸ਼ਵ ਕੱਪ 2022 ਤੇ ਏਸ਼ਿਆਈ ਕੱਪ 2023 ਦੇ ਸੰਯੁਕਤ ਕੁਆਲੀਫਾਇਰ ਮੁਕਾਬਲੇ 'ਚ ਸੋਮਵਾਰ ਨੂੰ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ 'ਚ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਦੇ ਏਸ਼ਿਆਈ ਕੁਆਲੀਫਾਇਰ ਦੇ ਤੀਸਰੇ ਦੌਰ 'ਚ ਸਿੱਧੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੱਧ ਗਈਆਂ ਹਨ। ਭਾਰਤ ਨੂੰ 20 ਸਾਲ ਬਾਅਦ ਘਰ ਤੋਂ ਬਾਹਰ ਇਸ ਟੂਰਨਾਮੈਂਟ 'ਚ ਪਹਿਲੀ ਜਿੱਤ ਮਿਲੀ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਟੂਰਨਾਮੈਂਟ 'ਚ ਛੇ ਸਾਲਾਂ 'ਚ ਪਹਿਲੀ ਜਿੱਤ ਦਰਜ ਕੀਤੀ ਹੈ।

ਲੰਬੇ ਸਮੇਂ ਤੋਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਦਾ ਇਸ ਮੈਚ 'ਚ ਸ਼ੁਰੂ ਤੋਂ ਹੀ ਦਬਦਬਾ ਰਿਹਾ। ਟੀਮ ਨੇ ਸ਼ੁਰੂਆਤ 'ਚ ਗੋਲ ਕਰਨ ਦੇ ਕੁਝ ਮੌਕੇ ਗੁਆਏ ਪਰ 79ਵੇਂ ਮਿੰਟ 'ਚ ਛੇਤਰੀ ਨੇ ਹੈਡਰ ਨਾਲ ਆਪਣਾ ਤੇ ਟੀਮ ਦਾ ਖਾਤਾ ਖੋਲਿ੍ਹਆ। ਭਾਰਤੀ ਕਪਤਾਨ ਨੇ ਆਖਰੀ ਪਲਾਂ (90+2 ਮਿੰਟ) 'ਚ ਸੁਰੇਸ਼ ਸਿੰਘ ਦੀ ਮਦਦ ਨਾਲ ਇਕ ਹੋਰ ਗੋਲ ਕਰ ਕੇ ਟੀਮ ਦੀ 2-0 ਨਾਲ ਜਿੱਤ ਨੂੰ ਪੱਕਾ ਕਰ ਦਿੱਤਾ। ਇਨ੍ਹਾਂ ਦੋ ਗੋਲਾਂ ਨਾਲ ਛੇਤਰੀ ਦੇ ਕੌਮਾਂਤਰੀ ਗੋਲਾਂ ਦੀ ਗਿਣਤੀ 74 ਤਕ ਪਹੁੰਚ ਗਈ ਹੈ ਤੇ ਉਨ੍ਹਾਂ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ 'ਚ ਅਰਜਨਟੀਨਾ ਦੇ ਕਪਤਾਨ ਲਿਓਨ ਮੈਸੀ (72 ਗੋਲ) ਨੂੰ ਪਛਾੜ ਦਿੱਤਾ ਹੈ।

ਇਸ ਜਿੱਤ ਨਾਲ ਭਾਰਤੀ ਟੀਮ ਦੇ ਛੇ ਮੈਚਾਂ 'ਚ ਸੱਤ ਅੰਕ ਹੋ ਗਏ ਹਨ ਤੇ ਉਹ ਗਰੁੱਪ ਸੂਚੀ 'ਚ ਤੀਸਰੇ ਨੰਬਰ 'ਤੇ ਪਹੁੰਚ ਗਿਆ ਹੈ। ਟੀਮ ਦੇ ਖਾਤੇ 'ਚ ਇਸ ਜਿੱਤ ਤੋਂ ਇਲਾਵਾ ਤਿੰਨ ਹਾਰ ਤੇ ਇਕ ਡਰਾਅ ਸ਼ਾਮਲ ਹੈ। ਭਾਰਤ ਹੁਣ 15 ਜੂਨ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਆਪਣਾ ਆਖ਼ਰੀ ਲੀਗ ਮੈਚ ਖੇਡੇਗਾ। ਭਾਰਤੀ ਟੀਮ ਫੀਫਾ ਵਿਸ਼ਵ ਕੱਪ 2022 ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ ਪਰ ਟੀਮ 2023 'ਚ ਚੀਨ 'ਚ ਖੇਡੇ ਜਾਣ ਵਾਲੇ ਏਸ਼ਿਆਈ ਕੱਪ 'ਚ ਜਗ੍ਹਾ ਪੱਕੀ ਕਰਨ ਦੀ ਦੌੜ 'ਚ ਬਣੀ ਹੋਈ ਹੈ।